ਇਰਾਨ ਦੀ ਫੌਜੀ ਸਪਲਾਈ ’ਤੇ ਅਮਰੀਕਾ ਦਾ ਸ਼ਿਕੰਜਾ, ਮਦਦਗਾਰਾਂ ਖ਼ਿਲਾਫ਼ ਨਵੀਆਂ ਪਾਬੰਦੀਆਂ

US Iran Sanctions: ਇਰਾਨ ਦੀ ਫੌਜੀ ਸਪਲਾਈ ਚੇਨ ਨਾਲ ਜੁੜੇ ਵਿਅਕਤੀਆਂ ਤੇ ਕੰਪਨੀਆਂ ’ਤੇ ਅਮਰੀਕੀ ਕਾਰਵਾਈ

ਅਮਰੀਕਾ ਨੇ ਇਰਾਨ ਦੀ ਫੌਜੀ ਸਪਲਾਈ ਚੇਨ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਈ ਵਿਅਕਤੀਆਂ ਅਤੇ ਕੰਪਨੀਆਂ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾਈਆਂ ਹਨ। ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਇਰਾਨ ’ਤੇ ਆਰਥਿਕ ਦਬਾਅ ਵਧਾਉਣ ਦੀ ਨੀਤੀ ਤਹਿਤ ਚੁੱਕਿਆ ਗਿਆ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਮੁੜ ਸ਼ੁਰੂ ਹੋਈ ਕੂਟਨੀਤਕ ਗੱਲਬਾਤ ਦੇ ਭਵਿੱਖ ਨੂੰ ਲੈ ਕੇ ਵੀ ਅਜੇ ਸਪਸ਼ਟਤਾ ਨਹੀਂ ਹੈ।

ਅਮਰੀਕੀ ਖ਼ਜ਼ਾਨਾ ਵਿਭਾਗ ਮੁਤਾਬਕ ਇਹ ਕਾਰਵਾਈ ਪ੍ਰਸ਼ਾਸਨ ਦੀ ‘ਅਪਰੇਸ਼ਨ ਇਕਨਾਮਿਕ ਆਊਟਕਾਸਟ’ ਮੁਹਿੰਮ ਦਾ ਹਿੱਸਾ ਹੈ। ਇਸ ਦਾ ਮੁੱਖ ਉਦੇਸ਼ ਇਰਾਨੀ ਸਰਕਾਰ ਨੂੰ ਮਿਲ ਰਹੇ ਉਨ੍ਹਾਂ ਵਿੱਤੀ ਸਰੋਤਾਂ ਨੂੰ ਨਿਸ਼ਾਨਾ ਬਣਾਉਣਾ ਹੈ, ਜਿਨ੍ਹਾਂ ਨੂੰ ਅਮਰੀਕਾ ਉਸ ਦੀਆਂ ਗਤੀਵਿਧੀਆਂ ਲਈ ਮਹੱਤਵਪੂਰਨ ਮੰਨਦਾ ਹੈ।

ਅਮਰੀਕੀ ਖ਼ਜ਼ਾਨਾ ਮੰਤਰੀ ਸਕਾਟ ਬੈਸੈਂਟ ਨੇ ਕਿਹਾ ਕਿ ਵਿਭਾਗ ਇਰਾਨੀ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇਣ ਵਾਲੇ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖੇਗਾ। ਉਨ੍ਹਾਂ ਮੁਤਾਬਕ ਅਮਰੀਕਾ ਅਜਿਹੇ ਲੋਕਾਂ ਅਤੇ ਸੰਸਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬੇਨਕਾਬ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਅਮਰੀਕਾ ਨੇ ਇਰਾਨ, ਹਾਂਗਕਾਂਗ ਅਤੇ ਪਾਕਿਸਤਾਨ ਵਿੱਚ ਮੌਜੂਦ 10 ਵਿਅਕਤੀਆਂ ਅਤੇ ਸੰਸਥਾਵਾਂ ਨੂੰ ਪਾਬੰਦੀਆਂ ਦੇ ਘੇਰੇ ਵਿੱਚ ਲਿਆਂਦਾ ਹੈ। ਅਮਰੀਕੀ ਦੋਸ਼ਾਂ ਮੁਤਾਬਕ ਇਨ੍ਹਾਂ ’ਤੇ ਇਰਾਨ ਦੇ ਰੱਖਿਆ ਮੰਤਰਾਲੇ ਲਈ ਹਥਿਆਰਾਂ ਅਤੇ ਉਨ੍ਹਾਂ ਨਾਲ ਸਬੰਧਤ ਪੁਰਜ਼ਿਆਂ ਦੀ ਖਰੀਦ ਵਿੱਚ ਸਹਾਇਤਾ ਕਰਨ ਦਾ ਇਲਜ਼ਾਮ ਹੈ। ਇਹ ਕਾਰਵਾਈ ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਲੰਬੇ ਟਕਰਾਅ ਦੇ ਦੌਰਾਨ ਕੀਤੀ ਗਈ ਹੈ।

ਇਰਾਨੀ ਰਿਆਲ ਮੁੜ ਰਿਕਾਰਡ ਹੇਠਲੇ ਪੱਧਰ ’ਤੇ

ਅਮਰੀਕੀ ਅਧਿਕਾਰੀਆਂ ਅਨੁਸਾਰ ਨਵੀਆਂ ਪਾਬੰਦੀਆਂ ਦਾ ਇੱਕ ਮਕਸਦ ਇਰਾਨ ਦੀਆਂ ਫੌਜੀ ਖਰੀਦਦਾਰੀ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਅਤੇ ਕੰਪਨੀਆਂ ਲਈ ਵਿੱਤੀ ਅਤੇ ਕਾਰੋਬਾਰੀ ਲਾਗਤ ਵਧਾਉਣਾ ਵੀ ਹੈ।

ਅਮਰੀਕਾ ਇਸ ਤੋਂ ਪਹਿਲਾਂ ਵੀ ਇਰਾਨ ਦੇ ਰੱਖਿਆ ਮੰਤਰਾਲੇ ਅਤੇ ਹਥਿਆਰਬੰਦ ਬਲਾਂ ਦੀ ਲੌਜਿਸਟਿਕਸ ਨਾਲ ਜੁੜੀਆਂ ਕਈ ਸੰਸਥਾਵਾਂ ’ਤੇ ਪਾਬੰਦੀਆਂ ਲਗਾ ਚੁੱਕਾ ਹੈ। 2024 ਵਿੱਚ ਕੀਤੀ ਗਈ ਅਜਿਹੀ ਕਾਰਵਾਈ ਵਿੱਚ ਉਨ੍ਹਾਂ ਨੈੱਟਵਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਨ੍ਹਾਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਿਰਮਾਣ ਤੇ ਪ੍ਰਸਾਰ ਵਿੱਚ ਮਦਦ ਕਰਨ ਦੇ ਦੋਸ਼ ਲਗੇ ਸਨ।

ਤਾਜ਼ਾ ਪਾਬੰਦੀਆਂ ਦੇ ਐਲਾਨ ਦੇ ਸਮੇਂ ਇਰਾਨ ਦੀ ਮੁਦਰਾ ਰਿਆਲ ਵੀ ਮੰਗਲਵਾਰ ਨੂੰ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ। ਤਹਿਰਾਨ ਦੇ ਬਾਜ਼ਾਰ ਵਿੱਚ ਇੱਕ ਅਮਰੀਕੀ ਡਾਲਰ ਦੇ ਬਦਲੇ 25 ਲੱਖ ਤੋਂ ਵੱਧ ਰਿਆਲ ਦੀ ਦਰ ਦਰਜ ਕੀਤੀ ਗਈ। ਰਿਪੋਰਟਾਂ ਮੁਤਾਬਕ 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਰਿਆਲ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

ਇਸ ਤੋਂ ਪਹਿਲਾਂ 2 ਸਤੰਬਰ ਨੂੰ ਵੀ ਰਿਆਲ ਨੇ ਡਾਲਰ ਦੇ ਮੁਕਾਬਲੇ ਕਰੀਬ 22 ਲੱਖ ਦਾ ਪੱਧਰ ਛੂਹ ਕੇ ਰਿਕਾਰਡ ਹੇਠਲਾ ਪੱਧਰ ਦਰਜ ਕੀਤਾ ਸੀ।

ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਇਰਾਨ ਦੀ ਅਰਥਵਿਵਸਥਾ ਲੰਮੇ ਸਮੇਂ ਤੋਂ ਦਬਾਅ ਹੇਠ ਰਹੀ ਹੈ। ਇਸ ਤੋਂ ਇਲਾਵਾ, ਇਸ ਸਾਲ ਅਮਰੀਕਾ ਵੱਲੋਂ ਇਰਾਨੀ ਤੇਲ ’ਤੇ ਕੀਤੀਆਂ ਕਾਰਵਾਈਆਂ ਅਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਲਾਗੂ ਕੀਤੀਆਂ ਗਈਆਂ ਵਾਧੂ ਪਾਬੰਦੀਆਂ ਨੇ ਦੇਸ਼ ਦੀ ਆਰਥਿਕ ਸਥਿਤੀ ’ਤੇ ਹੋਰ ਦਬਾਅ ਪਾਇਆ ਹੈ।