British Sikh Murder Appeal: 18 ਸਾਲਾ ਵਿਦਿਆਰਥੀ ਦੀ ਹੱਤਿਆ ਮਾਮਲੇ ’ਚ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ
ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਦਿਗਵਾ ਨੂੰ ਮੰਗਲਵਾਰ ਨੂੰ ਆਪਣੀ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਦਿਗਵਾ ਨੂੰ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਹੈਨਰੀ ਨੋਵਾਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਮਾਮਲੇ ਦੀ ਸੁਣਵਾਈ ਦੌਰਾਨ ਦਿਗਵਾ ਵੱਲੋਂ ਆਪਣੇ ਬਚਾਅ ਵਿੱਚ ਧਾਰਮਿਕ ਪੱਖ ਵੀ ਰੱਖਿਆ ਗਿਆ ਸੀ। ਉਸ ਨੇ ਕਿਹਾ ਸੀ ਕਿ ਉਸ ਕੋਲ ਕਿਰਪਾਨ ਸੀ, ਜਿਸ ਨੂੰ ਬ੍ਰਿਟੇਨ ਵਿੱਚ ਸਿੱਖਾਂ ਵੱਲੋਂ ਧਾਰਮਿਕ ਕਕਾਰ ਵਜੋਂ ਰੱਖਣ ਦੀ ਕਾਨੂੰਨੀ ਇਜਾਜ਼ਤ ਹੈ। ਹਾਲਾਂਕਿ, ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਕਤਲ ਵਿੱਚ ਵਰਤਿਆ ਗਿਆ ਹਥਿਆਰ ਕਿਰਪਾਨ ਨਹੀਂ ਸੀ।
ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਨੋਵਾਕ ਨੇ ਦਿਗਵਾ ਨੂੰ ਸਿਰਫ਼ ਇਹ ਪੁੱਛਿਆ ਸੀ, “ਕੀ ਤੁਸੀਂ ਬੁਰੇ ਆਦਮੀ ਹੋ?” ਦਿਗਵਾ ਵੱਲੋਂ ਨੋਵਾਕ ’ਤੇ ਨਸਲੀ ਟਿੱਪਣੀ ਕਰਨ ਦੇ ਦਾਅਵੇ ਨੂੰ ਅਦਾਲਤ ਨੇ ਸਵੀਕਾਰ ਨਹੀਂ ਕੀਤਾ।
ਜਾਣਕਾਰੀ ਮੁਤਾਬਕ ਇਹ ਘਟਨਾ ਪਿਛਲੇ ਸਾਲ ਦਸੰਬਰ ਵਿੱਚ ਵਾਪਰੀ ਸੀ। ਨੋਵਾਕ ਪੋਰਟਸਵੁੱਡ ਵਿੱਚ ਰਾਤ ਬਾਹਰ ਬਿਤਾਉਣ ਤੋਂ ਬਾਅਦ ਆਪਣੇ ਘਰ ਵੱਲ ਜਾ ਰਿਹਾ ਸੀ, ਜਦੋਂ ਦਿਗਵਾ ਨੇ ਉਸ ’ਤੇ ਪੰਜ ਵਾਰ ਚਾਕੂ ਨਾਲ ਹਮਲਾ ਕੀਤਾ। ਜੂਨ ਵਿੱਚ ਅਦਾਲਤ ਨੇ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ।
ਹੁਣ ਦਿਗਵਾ ਨੂੰ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਵਿੱਚ ਆਪਣੀ ਸਜ਼ਾ ਦੀ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਮਿਲੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਖ਼ਿਲਾਫ਼ ਵੀ ਅਪੀਲ ਕਰਨ ਦੀ ਮੰਗ ਕੀਤੀ ਹੈ, ਜਿਸ ਬਾਰੇ ਵੱਖਰੇ ਤੌਰ ’ਤੇ ਫ਼ੈਸਲਾ ਹੋਵੇਗਾ।
ਕਿਰਪਾਨ ਨੂੰ ਲੈ ਕੇ ਅਦਾਲਤ ਦੀ ਟਿੱਪਣੀ
ਮਾਮਲੇ ਦੌਰਾਨ ਦਿਗਵਾ ਵੱਲੋਂ ਧਾਰਮਿਕ ਆਧਾਰ ’ਤੇ ਸਵੈ-ਰੱਖਿਆ ਦੀ ਦਲੀਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਅਦਾਲਤ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਕਤਲ ਵਿੱਚ ਵਰਤਿਆ ਗਿਆ ਚਾਕੂ ਕਿਰਪਾਨ ਨਹੀਂ ਸੀ। ਬ੍ਰਿਟੇਨ ਵਿੱਚ ਸਿੱਖਾਂ ਨੂੰ ਧਾਰਮਿਕ ਕਕਾਰ ਵਜੋਂ ਕਿਰਪਾਨ ਆਪਣੇ ਕੋਲ ਰੱਖਣ ਦੀ ਕਾਨੂੰਨੀ ਇਜਾਜ਼ਤ ਹੈ।
ਮਾਮਲੇ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਭਾਈਚਾਰੇ ਪ੍ਰਤੀ ਨਕਾਰਾਤਮਕ ਪ੍ਰਤੀਕਿਰਿਆ ਅਤੇ ਸੰਭਾਵਿਤ ‘ਹੇਟ ਕ੍ਰਾਈਮ’ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ।
ਮਾਂ ਨੂੰ ਵੀ ਮਿਲੀ ਸਜ਼ਾ
ਜੁਲਾਈ ਵਿੱਚ ਦਿਗਵਾ ਦੀ ਭਾਰਤ ਵਿੱਚ ਜਨਮੀ ਮਾਂ ਕਿਰਨ ਕੌਰ ਨੂੰ ਵੀ ਸਾਊਥੈਂਪਟਨ ਕ੍ਰਾਊਨ ਕੋਰਟ ਨੇ ਆਪਣੇ ਪੁੱਤਰ ਦੀ ਮਦਦ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
53 ਸਾਲਾ ਕਿਰਨ ਕੌਰ ਨੂੰ ਦਿਗਵਾ ਵੱਲੋਂ ਨੋਵਾਕ ਦੀ ਹੱਤਿਆ ਵਿੱਚ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਅਤੇ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਇਰਾਦੇ ਨਾਲ ਉਸ ਨੂੰ ਘਟਨਾ ਸਥਾਨ ਤੋਂ ਹਟਾਉਣ ਵਿੱਚ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ ਸੀ।
ਅਦਾਲਤ ਨੇ ਕਿਰਪਾਨ ਬਾਰੇ ਕੀ ਕਿਹਾ?
ਕਿਰਨ ਕੌਰ ਨੂੰ ਸਜ਼ਾ ਸੁਣਾਉਂਦਿਆਂ ਜਸਟਿਸ ਵਿਲੀਅਮ ਮੌਸਲੇ ਨੇ ਕਿਹਾ ਸੀ ਕਿ ਸਿੱਖ ਧਰਮ ਵਿੱਚ ਕਿਰਪਾਨ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਹੈ ਅਤੇ ਇਸ ਨੂੰ ਕਿਸੇ ਵਿਅਕਤੀ ’ਤੇ ਹਮਲਾ ਕਰਨ ਲਈ ਨਹੀਂ ਰੱਖਿਆ ਜਾਂਦਾ।
ਉਨ੍ਹਾਂ ਦੇ ਅਨੁਸਾਰ, ਕਿਸੇ ਖ਼ਤਰੇ ਦੀ ਸਥਿਤੀ ਵਿੱਚ ਕਿਰਪਾਨ ਦੀ ਵਰਤੋਂ ਨੂੰ ਜਾਇਜ਼ ਮੰਨਣ ਲਈ ਹਾਲਾਤ ਬਹੁਤ ਗੰਭੀਰ ਹੋਣ ਦੇ ਨਾਲ-ਨਾਲ ਤੁਰੰਤ ਖ਼ਤਰੇ ਵਾਲੇ ਹੋਣੇ ਚਾਹੀਦੇ ਹਨ।
ਇਸ ਸਾਲ ਸੁਣਵਾਈ ਦੌਰਾਨ ਮਾਮਲੇ ਦੇ ਵੇਰਵੇ ਸਾਹਮਣੇ ਆਉਣ ਤੋਂ ਬਾਅਦ ਬ੍ਰਿਟਿਸ਼ ਸਿੱਖ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਕਿਰਪਾਨ ਦੀ ਕਥਿਤ ਗ਼ਲਤ ਵਿਆਖਿਆ ’ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਧਾਰਮਿਕ ਸੁਰੱਖਿਆ ਜਾਂ ਧਾਰਮਿਕ ਆਧਾਰ ’ਤੇ ਹਿੰਸਾ ਨੂੰ ਜਾਇਜ਼ ਠਹਿਰਾਉਣ ਦਾ ਸਵਾਲ ਨਹੀਂ ਬਣਦਾ।
ਪੁਲੀਸ ਦੀ ਕਾਰਵਾਈ ਵੀ ਜਾਂਚ ਦੇ ਘੇਰੇ ਵਿੱਚ
ਮਾਮਲੇ ਤੋਂ ਬਾਅਦ ਸਾਊਥੈਂਪਟਨ ਵਿੱਚ ਭਾਈਚਾਰਕ ਤਣਾਅ ਦੀ ਸਥਿਤੀ ਵੀ ਬਣੀ। ਹੈਂਪਸ਼ਾਇਰ ਅਤੇ ਆਇਲ ਆਫ਼ ਵਾਈਟ ਕਾਂਸਟੈਬੁਲਰੀ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ‘ਦੋਹਰੇ ਮਾਪਦੰਡਾਂ’ ਦੇ ਦੋਸ਼ ਵੀ ਸਾਹਮਣੇ ਆਏ। ਇਸ ਸਬੰਧੀ ਇੰਡੀਪੈਂਡੈਂਟ ਆਫ਼ਿਸ ਫ਼ਾਰ ਪੁਲੀਸ ਕੰਡਕਟ (IOPC) ਵੱਲੋਂ ਜਾਂਚ ਕੀਤੀ ਗਈ।
ਇਹ ਮਾਮਲਾ ਪੁਲੀਸ ਬਾਡੀ-ਕੈਮਰੇ ਵਿੱਚ ਦਰਜ ਪੀੜਤ ਦੇ ਆਖ਼ਰੀ ਪਲਾਂ ਨਾਲ ਵੀ ਸਬੰਧਤ ਸੀ। ਵੀਡੀਓ ਵਿੱਚ ਪੁਲੀਸ ਅਧਿਕਾਰੀ ਨੋਵਾਕ ਨੂੰ ਹੱਥਕੜੀਆਂ ਲਾਉਂਦੇ ਦਿਖਾਈ ਦਿੱਤੇ ਸਨ। ਇਹ ਕਾਰਵਾਈ ਦਿਗਵਾ ਵੱਲੋਂ ਉਸ ’ਤੇ ਨਸਲੀ ਟਿੱਪਣੀ ਕਰਨ ਦੇ ਦਾਅਵੇ ਦੇ ਆਧਾਰ ’ਤੇ ਕੀਤੀ ਗਈ ਸੀ, ਪਰ ਬਾਅਦ ਵਿੱਚ ਅਦਾਲਤੀ ਕਾਰਵਾਈ ਦੌਰਾਨ ਇਹ ਦਾਅਵਾ ਸਵੀਕਾਰ ਨਹੀਂ ਕੀਤਾ ਗਿਆ।







