ਯੂਕੇ ’ਚ 70 ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਵੱਡਾ ਫ਼ੈਸਲਾ, ਮੁੰਬਈ ਵਾਸੀ ਨੂੰ 30 ਸਾਲ ਦੀ ਜੇਲ੍ਹ

ਬ੍ਰਿਟੇਨ ’ਚ 70 ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ, ਮੁੰਬਈ ਦੇ ਨੌਜਵਾਨ ਨੂੰ 30 ਸਾਲ ਦੀ ਕੈਦ

ਲੰਡਨ: ਬ੍ਰਿਟੇਨ ਵਿੱਚ ਨਾਬਾਲਗ ਲੜਕੀਆਂ ਦਾ ਆਨਲਾਈਨ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਗੰਭੀਰ ਮਾਮਲੇ ਵਿੱਚ ਮੁੰਬਈ ਦੇ ਰਹਿਣ ਵਾਲੇ 27 ਸਾਲਾ ਭਾਰਤੀ ਨੌਜਵਾਨ ਬਿਲਾਲ ਕਾਜ਼ੀ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਾਜ਼ੀ ਉੱਤੇ ਸੋਸ਼ਲ ਮੀਡੀਆ ਰਾਹੀਂ ਘੱਟੋ-ਘੱਟ 70 ਨਾਬਾਲਗ ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਤੋਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓਜ਼ ਮੰਗਵਾਉਣ ਦੇ ਦੋਸ਼ ਸਨ। ਅਦਾਲਤ ਵਿੱਚ 37 ਅਪਰਾਧਾਂ ਨੂੰ ਕਬੂਲ ਕਰਨ ਤੋਂ ਬਾਅਦ ਉਸ ਨੂੰ ਇਹ ਸਜ਼ਾ ਸੁਣਾਈ ਗਈ।

ਚੈਸ਼ਾਇਰ ਪੁਲੀਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਕਾਜ਼ੀ ਨੇ ਅਗਸਤ 2021 ਤੋਂ ਅਗਸਤ 2025 ਦੇ ਦਰਮਿਆਨ ਸਨੈਪਚੈਟ, ਵਿੰਕ ਅਤੇ ਰੋਬਲੌਕਸ ਵਰਗੇ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰਕੇ 10 ਤੋਂ 17 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾਇਆ। ਉਹ ਆਪਣੀ ਅਸਲ ਪਛਾਣ ਲੁਕਾ ਕੇ ਖ਼ੁਦ ਨੂੰ 14 ਸਾਲ ਦਾ ਬ੍ਰਿਟਿਸ਼ ਲੜਕਾ ਦੱਸਦਾ ਸੀ ਅਤੇ ਲੜਕੀਆਂ ਨਾਲ ਦੋਸਤੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਮ ਸਬੰਧਾਂ ਦਾ ਭਰੋਸਾ ਦਿਵਾਉਂਦਾ ਸੀ।

ਜਾਂਚ ਵਿੱਚ ਸਾਹਮਣੇ ਆਇਆ ਕਿ ਕਾਜ਼ੀ ਪਹਿਲਾਂ ਲੜਕੀਆਂ ਦਾ ਵਿਸ਼ਵਾਸ ਜਿੱਤਦਾ ਅਤੇ ਫਿਰ ਉਨ੍ਹਾਂ ਤੋਂ ਨਿੱਜੀ ਤਸਵੀਰਾਂ ਤੇ ਵੀਡੀਓਜ਼ ਮੰਗਵਾਉਂਦਾ ਸੀ। ਜਦੋਂ ਕੋਈ ਪੀੜਤਾ ਉਸ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰਦੀ ਤਾਂ ਉਹ ਪਹਿਲਾਂ ਭੇਜੀ ਗਈ ਸਮੱਗਰੀ ਨੂੰ ਦੋਸਤਾਂ ਜਾਂ ਜਾਣਕਾਰਾਂ ਨਾਲ ਸਾਂਝਾ ਕਰਨ ਦੀ ਧਮਕੀ ਦਿੰਦਾ ਸੀ। ਇਸ ਤਰ੍ਹਾਂ ਉਹ ਨਾਬਾਲਗ ਲੜਕੀਆਂ ਨੂੰ ਡਰਾ-ਧਮਕਾ ਕੇ ਲਗਾਤਾਰ ਆਪਣੇ ਸ਼ੋਸ਼ਣ ਦਾ ਸ਼ਿਕਾਰ ਬਣਾਉਂਦਾ ਰਿਹਾ।

ਦੱਸਣਯੋਗ ਹੈ ਕਿ ਬਿਲਾਲ ਕਾਜ਼ੀ ਭਾਰਤ ਤੋਂ ਪੜ੍ਹਾਈ ਕਰਨ ਲਈ ਬ੍ਰਿਟੇਨ ਗਿਆ ਸੀ। ਉਹ ਪਹਿਲਾਂ ਚੈਸਟਰ ਯੂਨੀਵਰਸਿਟੀ ਵਿੱਚ ਪੀਐੱਚਡੀ ਕਰ ਰਿਹਾ ਸੀ ਅਤੇ ਬਾਅਦ ਵਿੱਚ ਕੈਮਿਸਟਰੀ ਦੀ ਪੜ੍ਹਾਈ ਲਈ ਬਰਮਿੰਘਮ ਯੂਨੀਵਰਸਿਟੀ ਵਿੱਚ ਦਾਖ਼ਲ ਹੋ ਗਿਆ ਸੀ। ਉਸ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਖੁਲਾਸਾ ਉਸ ਸਮੇਂ ਹੋਣਾ ਸ਼ੁਰੂ ਹੋਇਆ ਜਦੋਂ ਦਸੰਬਰ 2021 ਵਿੱਚ ਇੱਕ ਨਾਬਾਲਗ ਪੀੜਤਾ ਨੇ ਡਰਬੀਸ਼ਾਇਰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।

ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਸ ਦੀ ਉਮਰ 13 ਸਾਲ ਸੀ ਤਾਂ ਸਨੈਪਚੈਟ ਰਾਹੀਂ ਉਸ ਦੀ ਕਾਜ਼ੀ ਨਾਲ ਜਾਣ-ਪਛਾਣ ਹੋਈ ਸੀ। ਕਾਜ਼ੀ ਨੇ ਆਪਣੇ ਆਪ ਨੂੰ ਉਸੇ ਦੀ ਉਮਰ ਦਾ ਲੜਕਾ ਦੱਸਿਆ ਸੀ। ਸ਼ੁਰੂ ਵਿੱਚ ਦੋਵਾਂ ਵਿਚਾਲੇ ਆਮ ਗੱਲਬਾਤ ਹੁੰਦੀ ਰਹੀ ਪਰ ਬਾਅਦ ਵਿੱਚ ਕਾਜ਼ੀ ਨੇ ਉਸ ਨਾਲ ਅਣਉਚਿਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਿੱਜੀ ਤਸਵੀਰਾਂ ਦੀ ਮੰਗ ਕਰਨ ਲੱਗਾ। ਜਦੋਂ ਲੜਕੀ ਨੇ ਉਸ ਨਾਲ ਸਿਰਫ਼ ਦੋਸਤੀ ਰੱਖਣ ਦੀ ਇੱਛਾ ਜਤਾਈ ਅਤੇ ਹੋਰ ਤਸਵੀਰਾਂ ਭੇਜਣ ਤੋਂ ਇਨਕਾਰ ਕੀਤਾ ਤਾਂ ਕਾਜ਼ੀ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕੀਤੀ। ਮਈ 2022 ਵਿੱਚ ਕਾਜ਼ੀ ਦਾ ਆਖ਼ਰੀ ਜਾਣਿਆ ਪਤਾ ਚੈਸਟਰ ਵਿੱਚ ਹੋਣ ਦੀ ਪੁਸ਼ਟੀ ਹੋਣ ਮਗਰੋਂ ਜਾਂਚ ਦੀ ਜ਼ਿੰਮੇਵਾਰੀ ਚੈਸ਼ਾਇਰ ਕਾਂਸਟੇਬੁਲਰੀ ਦੀ ਆਨਲਾਈਨ ਚਾਈਲਡ ਐਬਿਊਜ਼ ਇਨਵੈਸਟੀਗੇਸ਼ਨ ਟੀਮ ਨੂੰ ਸੌਂਪ ਦਿੱਤੀ ਗਈ। ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਇਹ ਮਾਮਲਾ ਸਿਰਫ਼ ਇੱਕ ਲੜਕੀ ਤੱਕ ਸੀਮਤ ਨਹੀਂ ਸੀ, ਸਗੋਂ ਵੱਡੀ ਗਿਣਤੀ ਵਿੱਚ ਨਾਬਾਲਗ ਲੜਕੀਆਂ ਇਸ ਦਾ ਸ਼ਿਕਾਰ ਬਣੀਆਂ ਸਨ।

ਜਾਂਚ ਅਧਿਕਾਰੀਆਂ ਨੇ ਕਰੀਬ 180 ਸੰਭਾਵੀ ਪੀੜਤਾਂ ਦੀ ਪਛਾਣ ਕੀਤੀ। ਡਿਜੀਟਲ ਉਪਕਰਨਾਂ ਤੋਂ ਮਿਲੇ ਯੂਜ਼ਰਨੇਮ ਅਤੇ ਹੋਰ ਜਾਣਕਾਰੀਆਂ ਦੀ ਮਦਦ ਨਾਲ ਬ੍ਰਿਟੇਨ ਦੀਆਂ 45 ਪੁਲੀਸ ਫੋਰਸਾਂ ਵਿੱਚੋਂ 28 ਦੇ ਅਧਿਕਾਰ ਖੇਤਰਾਂ ਵਿੱਚ ਰਹਿੰਦੀਆਂ 70 ਪੀੜਤ ਲੜਕੀਆਂ ਦੀ ਪਛਾਣ ਹੋਈ। ਅਪਰਾਧਾਂ ਦੇ ਸਮੇਂ ਇਨ੍ਹਾਂ ਪੀੜਤਾਂ ਦੀ ਉਮਰ 11 ਤੋਂ 17 ਸਾਲ ਦੇ ਵਿਚਕਾਰ ਸੀ।

ਜੁਲਾਈ 2023 ਵਿੱਚ ਕਾਜ਼ੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਵਿਦੇਸ਼ ਜਾਣ ਤੋਂ ਬਾਅਦ ਮੁੜ ਬ੍ਰਿਟੇਨ ਪਰਤਿਆ ਸੀ। ਪੁਲੀਸ ਨੇ ਉਸ ਨੂੰ ਹੀਥਰੋ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਸ ਦਾ ਮੋਬਾਈਲ ਫ਼ੋਨ ਜ਼ਬਤ ਕਰਕੇ ਡਿਜੀਟਲ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ। ਜਾਂਚ ਦੌਰਾਨ ਸਾਹਮਣੇ ਆਏ ਸਬੂਤਾਂ ਨੇ ਪੁਲੀਸ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ। ਜਾਂਚਕਰਤਾਵਾਂ ਮੁਤਾਬਕ ਇਹ ਉਨ੍ਹਾਂ ਵੱਲੋਂ ਸਾਹਮਣੇ ਲਿਆਂਦੇ ਗਏ ਬਾਲ ਜਿਨਸੀ ਸ਼ੋਸ਼ਣ ਦੇ ਸਭ ਤੋਂ ਵੱਡੇ ਆਨਲਾਈਨ ਨੈੱਟਵਰਕਾਂ ਵਿੱਚੋਂ ਇੱਕ ਸੀ।

ਸ਼ੁੱਕਰਵਾਰ ਨੂੰ ਚੈਸਟਰ ਕਰਾਊਨ ਕੋਰਟ ਵਿੱਚ ਕਾਜ਼ੀ ਨੇ ਬੱਚਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਬਣਾਉਣ, ਬਲੈਕਮੇਲ ਕਰਨ ਅਤੇ ਨਾਬਾਲਗਾਂ ਨੂੰ ਜਿਨਸੀ ਗਤੀਵਿਧੀਆਂ ਲਈ ਉਕਸਾਉਣ ਸਮੇਤ ਕੁੱਲ 37 ਦੋਸ਼ ਕਬੂਲ ਕੀਤੇ। ਅਦਾਲਤ ਨੇ ਉਸ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਸ ਸਜ਼ਾ ਤਹਿਤ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਉਸ ਨੂੰ ਘੱਟੋ-ਘੱਟ 20 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਇਸ ਤੋਂ ਇਲਾਵਾ ਉਸ ਦਾ ਨਾਮ ਉਮਰ ਭਰ ਲਈ ਜਿਨਸੀ ਅਪਰਾਧੀਆਂ ਦੇ ਰਜਿਸਟਰ ਵਿੱਚ ਦਰਜ ਰਹੇਗਾ।

ਫ਼ੈਸਲੇ ਤੋਂ ਬਾਅਦ ਚੈਸ਼ਾਇਰ ਪੁਲੀਸ ਦੀ ਆਨਲਾਈਨ ਚਾਈਲਡ ਐਬਿਊਜ਼ ਇਨਵੈਸਟੀਗੇਸ਼ਨ ਟੀਮ ਦੀ ਡਿਟੈਕਟਿਵ ਕਾਂਸਟੇਬਲ ਜਾਰਜੀਆ ਹਿਊਜ਼ ਨੇ ਕਿਹਾ ਕਿ ਕਾਜ਼ੀ ਦੇ ਅਪਰਾਧਾਂ ਦਾ ਪੱਧਰ ਬਹੁਤ ਵੱਡਾ ਸੀ ਅਤੇ ਇਸ ਮਾਮਲੇ ਦੀ ਜਾਂਚ ਲਈ ਪੁਲੀਸ ਨੂੰ ਵੱਡੇ ਪੱਧਰ ’ਤੇ ਸਰੋਤਾਂ ਅਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਦੀ ਲੋੜ ਪਈ।

ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਅਜਿਹੀਆਂ ਨਾਬਾਲਗ ਲੜਕੀਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚੋਂ ਕਈਆਂ ਲਈ ਇਹ ਪਹਿਲਾ ਅਜਿਹਾ ਰਿਸ਼ਤਾ ਸੀ, ਜਿਸ ਨੂੰ ਉਹ ਪਿਆਰ ਸਮਝਦੀਆਂ ਸਨ। ਕਾਜ਼ੀ ਨੇ ਉਨ੍ਹਾਂ ਦੇ ਭਰੋਸੇ ਦਾ ਨਾਜਾਇਜ਼ ਫਾਇਦਾ ਉਠਾਇਆ ਅਤੇ ਉਨ੍ਹਾਂ ਨੂੰ ਇਹ ਮੰਨਣ ਲਈ ਮਜਬੂਰ ਕੀਤਾ ਕਿ ਉਸ ਦਾ ਵਿਵਹਾਰ ਆਮ ਹੈ।

ਜਾਰਜੀਆ ਹਿਊਜ਼ ਮੁਤਾਬਕ ਇਸ ਸ਼ੋਸ਼ਣ ਨੇ ਪੀੜਤ ਲੜਕੀਆਂ ਦੀ ਮਾਨਸਿਕ ਸਿਹਤ ਅਤੇ ਜ਼ਿੰਦਗੀ ਉੱਤੇ ਡੂੰਘਾ ਅਸਰ ਪਾਇਆ। ਕਈ ਪੀੜਤਾਂ ਲੰਬੇ ਸਮੇਂ ਤੱਕ ਇਸ ਡਰ ਵਿੱਚ ਰਹੀਆਂ ਕਿ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਕਿਤੇ ਜਨਤਕ ਨਾ ਕਰ ਦਿੱਤੀਆਂ ਜਾਣ। ਉਨ੍ਹਾਂ ਉਮੀਦ ਜਤਾਈ ਕਿ ਅਦਾਲਤ ਦੇ ਇਸ ਫ਼ੈਸਲੇ ਨਾਲ ਪੀੜਤਾਂ ਨੂੰ ਇਨਸਾਫ਼ ਅਤੇ ਮਾਨਸਿਕ ਸਕੂਨ ਮਿਲੇਗਾ ਅਤੇ ਉਹ ਆਪਣੇ ਭਵਿੱਖ ਵੱਲ ਅੱਗੇ ਵਧ ਸਕਣਗੀਆਂ।