ਪੰਜਾਬ ’ਚ ਅਧਿਆਪਕਾਂ ਦੀਆਂ ਤਰੱਕੀਆਂ ਮਗਰੋਂ ਸਟੇਸ਼ਨ ਅਲਾਟਮੈਂਟ ’ਤੇ ਵਿਵਾਦ

  • Punjab Teacher Promotions: ਮਾਸਟਰ ਕਾਡਰ ਦੀ ਤਰੱਕੀ ਮਗਰੋਂ ਸਟੇਸ਼ਨ ਅਲਾਟਮੈਂਟ ’ਤੇ ਉੱਠੇ ਸਵਾਲ

    ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਵਿੱਚ ਅਧਿਆਪਕਾਂ ਦੀ ਤਰੱਕੀ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸਟੇਸ਼ਨਾਂ ਦੀ ਅਲਾਟਮੈਂਟ ਨੂੰ ਲੈ ਕੇ ਇਤਰਾਜ਼ ਸਾਹਮਣੇ ਆਏ ਹਨ। ਤਰੱਕੀ ਹਾਸਲ ਕਰਨ ਵਾਲੇ ਕਈ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਿਤਰੀ ਜ਼ਿਲ੍ਹਿਆਂ ਤੋਂ ਕਾਫ਼ੀ ਦੂਰਲੇ ਸਟੇਸ਼ਨ ਦਿੱਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਕਈ ਜ਼ਿਲ੍ਹਿਆਂ ਵਿੱਚ ਅਧਿਆਪਕ ਜਥੇਬੰਦੀਆਂ ਨੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਆਪਣਾ ਰੋਸ ਦਰਜ ਕਰਵਾਇਆ।

    ਪ੍ਰਭਾਵਿਤ ਅਧਿਆਪਕ ਸਾਰਾ ਦਿਨ ਸਟੇਸ਼ਨਾਂ ਵਿੱਚ ਤਬਦੀਲੀ ਲਈ ਕੋਸ਼ਿਸ਼ਾਂ ਕਰਦੇ ਰਹੇ। ਇਸ ਦੌਰਾਨ ਸਿੱਖਿਆ ਮੰਤਰੀ ਨੂੰ ਵੀ ਅਧਿਆਪਕਾਂ ਵੱਲੋਂ ਲਗਾਤਾਰ ਫੋਨ ਕਰਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ।

    ਜਾਣਕਾਰੀ ਅਨੁਸਾਰ ਈਟੀਟੀ ਤੋਂ ਮਾਸਟਰ ਕਾਡਰ ਵਿੱਚ ਕੁੱਲ 4484 ਅਧਿਆਪਕਾਂ ਨੂੰ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚ 208 ਸੈਂਟਰ ਹੈੱਡ ਟੀਚਰ, 927 ਹੈੱਡ ਟੀਚਰ ਅਤੇ 2595 ਈਟੀਟੀ ਅਧਿਆਪਕ ਸ਼ਾਮਲ ਹਨ।

    ਅਧਿਆਪਕ ਆਗੂਆਂ ਮੁਤਾਬਕ ਮਾਲਵਾ ਖੇਤਰ ਦੇ ਕਈ ਅਧਿਆਪਕਾਂ ਨੂੰ ਮਾਝਾ ਅਤੇ ਦੁਆਬਾ ਖੇਤਰ ਵਿੱਚ ਸਟੇਸ਼ਨ ਅਲਾਟ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਨ ਖ਼ਾਸ ਤੌਰ ’ਤੇ ਮਹਿਲਾ ਅਧਿਆਪਕਾਂ ਨੂੰ ਪਰਿਵਾਰਕ ਅਤੇ ਆਉਣ-ਜਾਣ ਨਾਲ ਸਬੰਧਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

    ਅਧਿਆਪਕ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਉਸ ਐਲਾਨ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ ’ਤੇ ਕੰਮ ਕਰ ਰਹੀਆਂ ਮਹਿਲਾ ਮੁਲਾਜ਼ਮਾਂ ਨੂੰ ਘਰ ਤੋਂ 40 ਕਿਲੋਮੀਟਰ ਦੇ ਘੇਰੇ ਅੰਦਰ ਤਾਇਨਾਤ ਕਰਨ ਦੀ ਗੱਲ ਕਹੀ ਗਈ ਸੀ।

    ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਤਰੱਕੀ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਅਧਿਆਪਕਾਂ ਤੋਂ ਸਟੇਸ਼ਨ ਚੁਣਨ ਦਾ ਅਧਿਕਾਰ ਲਿਆ ਜਾ ਰਿਹਾ ਹੈ। ਜਥੇਬੰਦੀ ਦੇ ਸੀਨੀਅਰ ਆਗੂ ਦਵਿੰਦਰ ਪੂਨੀਆ ਨੇ ਕਿਹਾ ਕਿ ਜਾਂ ਤਾਂ ਅਧਿਆਪਕਾਂ ਤੋਂ ਪਹਿਲਾਂ ਸਟੇਸ਼ਨ ਦੀ ਪਸੰਦ ਪੁੱਛੀ ਜਾਣੀ ਚਾਹੀਦੀ ਸੀ ਜਾਂ ਉਨ੍ਹਾਂ ਨੂੰ ਪਿਤਰੀ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਣਾ ਚਾਹੀਦਾ ਸੀ।

    ਉਨ੍ਹਾਂ ਸਟੇਸ਼ਨ ਅਲਾਟਮੈਂਟ ਦੀ ਪ੍ਰਕਿਰਿਆ ਵਿੱਚ ਕਥਿਤ ਮਨਮਾਨੀ ਦੇ ਦੋਸ਼ ਲਾਉਂਦਿਆਂ ਪਾਰਦਰਸ਼ਤਾ ’ਤੇ ਵੀ ਸਵਾਲ ਉਠਾਏ। ਡੀਟੀਐੱਫ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਸਿੱਖਿਆ ਮੰਤਰੀ ਅਤੇ ਵਿਭਾਗੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਤਰੱਕੀ ਅਤੇ ਸਟੇਸ਼ਨ ਅਲਾਟਮੈਂਟ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ।

    ਹਫ਼ਤੇ ਅੰਦਰ ਸਟੇਸ਼ਨ ਠੀਕ ਕਰਨ ਦਾ ਸਿੱਖਿਆ ਮੰਤਰੀ ਦਾ ਭਰੋਸਾ

    ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਦੀ ਤਰੱਕੀ ਦੀ ਪ੍ਰਕਿਰਿਆ ਨੂੰ ਸਿਰੇ ਚਾੜ੍ਹਨ ਲਈ ਇਹ ਚੌਥੀ ਕੋਸ਼ਿਸ਼ ਸੀ। ਉਨ੍ਹਾਂ ਦੱਸਿਆ ਕਿ ਕਾਨੂੰਨੀ ਰੁਕਾਵਟਾਂ ਤੋਂ ਬਚਣ ਅਤੇ ਤਰੱਕੀ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਜਲਦੀ ਜੁਆਇਨ ਕਰਵਾਉਣ ਦੇ ਮਕਸਦ ਨਾਲ ਫੌਰੀ ਤੌਰ ’ਤੇ ਸਟੇਸ਼ਨ ਅਲਾਟ ਕੀਤੇ ਗਏ ਹਨ।

    ਉਨ੍ਹਾਂ ਪ੍ਰਭਾਵਿਤ ਅਧਿਆਪਕਾਂ ਨੂੰ ਫਿਲਹਾਲ ਅਲਾਟ ਕੀਤੇ ਸਟੇਸ਼ਨਾਂ ’ਤੇ ਜੁਆਇਨ ਕਰਨ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਇਸੇ ਹਫ਼ਤੇ ਸਟੇਸ਼ਨਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਦਰੁਸਤ ਕਰ ਦਿੱਤਾ ਜਾਵੇਗਾ।