ਫ਼ਰੀਦਾਬਾਦ ਦੇ ਸੀਹੀ ਪਿੰਡ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 200 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੀ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ। ਐਤਵਾਰ ਸ਼ਾਮ ਖੇਡਦਿਆਂ ਬੋਰਵੈੱਲ ਵਿੱਚ ਡਿੱਗੀ ਮਾਸੂਮ ਨੂੰ ਕਰੀਬ 10 ਘੰਟੇ ਚੱਲੇ ਰੈਸਕਿਊ ਅਭਿਆਨ ਤੋਂ ਬਾਅਦ ਸੋਮਵਾਰ ਤੜਕੇ ਬਾਹਰ ਕੱਢਿਆ ਗਿਆ, ਪਰ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਅਧਿਕਾਰੀਆਂ ਅਨੁਸਾਰ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਬਚਾਅ ਕਾਰਜ ਦੌਰਾਨ ਹਰਿਆਣਾ ਪੁਲੀਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF), ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਕਾਰਵਾਈ ਕੀਤੀ।
ਐਨਡੀਆਰਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਰਾਤ ਕਰੀਬ 8 ਵਜੇ ਘਟਨਾ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਟੀਮ ਗਾਜ਼ੀਆਬਾਦ ਤੋਂ ਮੌਕੇ ’ਤੇ ਪਹੁੰਚੀ। ਉਸ ਸਮੇਂ ਤੱਕ ਹੋਰ ਏਜੰਸੀਆਂ ਵੱਲੋਂ ਬਚਾਅ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਸੀ।
ਐੱਸਡੀਆਰਐੱਫ ਅਧਿਕਾਰੀਆਂ ਮੁਤਾਬਕ ਬੋਰਵੈੱਲ ਕਈ ਸਾਲਾਂ ਤੋਂ ਬੰਦ ਪਿਆ ਸੀ ਅਤੇ ਕਰੀਬ 125 ਫੁੱਟ ਦੀ ਡੂੰਘਾਈ ’ਤੇ ਪਾਣੀ ਮੌਜੂਦ ਹੋਣ ਕਾਰਨ ਰੈਸਕਿਊ ਕੰਮ ਹੋਰ ਮੁਸ਼ਕਲ ਹੋ ਗਿਆ। ਬੱਚੀ ਲਗਭਗ 200 ਫੁੱਟ ਹੇਠਾਂ ਪੁੱਠੀ ਫਸੀ ਹੋਈ ਸੀ। ਲੰਬੀ ਜੱਦੋਜਹਿਦ ਤੋਂ ਬਾਅਦ ਰੈਸਕਿਊ ਟੀਮਾਂ ਉਸ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋਈਆਂ, ਪਰ ਉਸ ਵੇਲੇ ਉਸ ਵਿੱਚ ਕੋਈ ਹਰਕਤ ਨਜ਼ਰ ਨਹੀਂ ਆ ਰਹੀ ਸੀ।
ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇ ਬੋਰਵੈੱਲ ਨੂੰ ਸੁਰੱਖਿਅਤ ਢੰਗ ਨਾਲ ਸੀਲ ਕੀਤਾ ਗਿਆ ਹੁੰਦਾ ਤਾਂ ਇਹ ਹਾਦਸਾ ਨਾ ਵਾਪਰਦਾ। ਦੂਜੇ ਪਾਸੇ ਫ਼ਰੀਦਾਬਾਦ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸੰਜੀਵ ਕੁਮਾਰ ਨੇ ਦੱਸਿਆ ਕਿ ਬੋਰਵੈੱਲ ਨੂੰ ਕਰੀਬ 15 ਸਾਲ ਪਹਿਲਾਂ ਢੱਕਣ ਲਗਾ ਕੇ ਬੰਦ ਕੀਤਾ ਗਿਆ ਸੀ ਅਤੇ ਨਗਰ ਨਿਗਮ ਨੂੰ ਇਸ ਦਾ ਢੱਕਣ ਹਟਾਏ ਜਾਣ ਸਬੰਧੀ ਕੋਈ ਜਾਣਕਾਰੀ ਨਹੀਂ ਸੀ।







