ਪਾਵਰਕੌਮ ਨੇ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਗ਼ਲਤ ਜਾਂ ਵਧੇਰੇ ਬਿਜਲੀ ਬਿੱਲਾਂ ਦੇ ਮਾਮਲਿਆਂ ਵਿੱਚ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤੀ ਹੈ। ਹਾਲ ਹੀ ਵਿੱਚ ਮੀਟਰ ਰੀਡਰਾਂ ਦੀ ਹੜਤਾਲ ਅਤੇ ਤਕਨੀਕੀ ਪ੍ਰਣਾਲੀ ਵਿੱਚ ਤਬਦੀਲੀਆਂ ਕਾਰਨ ਵੱਡੀ ਗਿਣਤੀ ਖਪਤਕਾਰਾਂ ਨੂੰ ਔਸਤ ਅਧਾਰ ’ਤੇ ਬਿਜਲੀ ਬਿੱਲ ਜਾਰੀ ਹੋਏ ਸਨ, ਜਿਸ ਕਾਰਨ ਕਈ ਥਾਵਾਂ ’ਤੇ ਰੋਸ ਅਤੇ ਸ਼ਿਕਾਇਤਾਂ ਸਾਹਮਣੇ ਆਈਆਂ ਸਨ।
ਵਧੇਰੇ ਜਾਂ ਗ਼ਲਤ ਬਿੱਲਾਂ ਨੂੰ ਲੈ ਕੇ ਖਪਤਕਾਰਾਂ ਨੇ ਸੱਤਾਧਾਰੀ ਧਿਰ ਦੇ ਆਗੂਆਂ ਅਤੇ ਸਬੰਧਤ ਅਧਿਕਾਰੀਆਂ ਕੋਲ ਵੀ ਪਹੁੰਚ ਕੀਤੀ, ਜਦਕਿ ਵਿਰੋਧੀ ਪਾਰਟੀਆਂ ਨੇ ਵੀ ਇਸ ਮਸਲੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਵਰਕੌਮ ਦੇ ਮੈਂਬਰ (ਵੰਡ) ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਤਕਨੀਕੀ ਪ੍ਰਣਾਲੀ (ਐੱਸ.ਬੀ.ਐੱਸ. ਸਿਸਟਮ) ਦੇ ਪੂਰੀ ਤਰ੍ਹਾਂ ਸਥਿਰ ਹੋਣ ਅਤੇ ਬਿੱਲਾਂ ਦੀ ਦਰੁਸਤੀ ਤੱਕ ਬਕਾਇਆ ਰਕਮ ਦੇ ਆਧਾਰ ’ਤੇ ਕੋਈ ਵੀ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ।
ਮੁੱਖ ਦਫ਼ਤਰ ਵੱਲੋਂ ਇਹ ਹਦਾਇਤਾਂ ਸਾਰੇ ਫ਼ੀਲਡ ਦਫ਼ਤਰਾਂ ਨੂੰ ਭੇਜ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਕਈ ਖਪਤਕਾਰਾਂ ਦੇ ਬਿੱਲ ਤਕਨੀਕੀ ਕਾਰਨਾਂ ਕਰਕੇ ਸਿਸਟਮ ਵਿੱਚ ਬਕਾਇਆ ਜਾਂ ਡਿਫ਼ਾਲਟਰ ਵਜੋਂ ਦਰਸਾਏ ਜਾ ਰਹੇ ਸਨ, ਜਿਸ ਦੇ ਆਧਾਰ ’ਤੇ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।
ਖਪਤਕਾਰਾਂ ਦਾ ਕਹਿਣਾ ਸੀ ਕਿ ਜਦੋਂ ਗ਼ਲਤੀ ਤਕਨੀਕੀ ਪ੍ਰਣਾਲੀ ਦੀ ਹੈ ਤਾਂ ਇਸ ਦਾ ਨੁਕਸਾਨ ਉਨ੍ਹਾਂ ਨੂੰ ਨਹੀਂ ਝੱਲਣਾ ਚਾਹੀਦਾ। ਵਧ ਰਹੇ ਰੋਸ ਅਤੇ ਸ਼ਿਕਾਇਤਾਂ ਦੇ ਮੱਦੇਨਜ਼ਰ ਪਾਵਰਕੌਮ ਨੇ ਤੁਰੰਤ ਪ੍ਰਭਾਵ ਨਾਲ ਕੁਨੈਕਸ਼ਨ ਕੱਟਣ ਦੀ ਕਾਰਵਾਈ ਰੋਕਣ ਦਾ ਫ਼ੈਸਲਾ ਲਿਆ ਹੈ।







