ਕਠੂਆ ’ਚ CISF ਜਵਾਨ ਨੇ ਸਾਥੀਆਂ ’ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ

J&K’s Kathua CISF Firing: ਕਠੂਆ ਵਿੱਚ CISF ਜਵਾਨ ਵੱਲੋਂ ਸਾਥੀਆਂ ’ਤੇ ਗੋਲੀਬਾਰੀ, ਚਾਰ ਦੀ ਮੌਤ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਸੋਹਲੀ ਇਲਾਕੇ ਵਿੱਚ CISF ਦੇ ਇੱਕ ਜਵਾਨ ਨੇ ਕਥਿਤ ਤੌਰ ’ਤੇ ਆਪਣੇ ਸਾਥੀ ਜਵਾਨਾਂ ’ਤੇ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਵਿੱਚ ਚਾਰ CISF ਮੁਲਾਜ਼ਮਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿੱਚ ਇੱਕ ਅਸਿਸਟੈਂਟ ਕਮਾਂਡੈਂਟ ਵੀ ਸ਼ਾਮਲ ਹੈ।

ਮ੍ਰਿਤਕਾਂ ਦੀ ਪਛਾਣ ਅਸਿਸਟੈਂਟ ਕਮਾਂਡੈਂਟ ਅੰਕਿਤ ਕੁਮਾਰ ਪਾਂਡੇ, ਸਬ-ਇੰਸਪੈਕਟਰ ਲਕਸ਼ਮਣ ਸਿੰਘ, ਕਾਂਸਟੇਬਲ ਰਫ਼ੀਕ ਅਹਿਮਦ ਅਤੇ ਕਾਂਸਟੇਬਲ ਸੰਦੀਪ ਕੁਮਾਰ ਵਜੋਂ ਕੀਤੀ ਗਈ ਹੈ।

ਇਹ ਸਾਰੇ ਜਵਾਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨੇੜੇ ਬਸੋਹਲੀ ਸਥਿਤ ਇੱਕ ਪਾਵਰ ਪ੍ਰਾਜੈਕਟ ਦੀ ਸੁਰੱਖਿਆ ਵਿੱਚ ਤਾਇਨਾਤ ਸਨ। ਮੁੱਢਲੀ ਜਾਣਕਾਰੀ ਮੁਤਾਬਕ ਕਿਸੇ ਮਾਮਲੇ ਨੂੰ ਲੈ ਕੇ ਦੋ ਜਵਾਨਾਂ ਵਿਚਾਲੇ ਤਕਰਾਰ ਹੋਈ, ਜਿਸ ਤੋਂ ਬਾਅਦ ਇੱਕ ਜਵਾਨ ਨੇ ਗੋਲੀਬਾਰੀ ਕਰ ਦਿੱਤੀ।

ਕਠੂਆ ਪੁਲੀਸ ਨੇ ਗੋਲੀ ਚਲਾਉਣ ਦੇ ਦੋਸ਼ ਹੇਠ CISF ਜਵਾਨ ਨੂੰ ਕਾਬੂ ਕਰ ਲਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ CISF ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

AK-47 ਨਾਲ ਗੋਲੀਬਾਰੀ, 150 ਰੌਂਦ ਹੋਣ ਦੀ ਜਾਣਕਾਰੀ

ਸੂਤਰਾਂ ਅਨੁਸਾਰ ਮੁਲਜ਼ਮ ਹੈੱਡ ਕਾਂਸਟੇਬਲ ਅਵਧੇਸ਼ ਕੁਮਾਰ ਸਿੰਘ ਦਫ਼ਤਰ ਦੇ ਅਹਾਤੇ ਵਿੱਚ ਦਾਖ਼ਲ ਹੋਇਆ ਅਤੇ ਆਪਣੀ ਸਰਕਾਰੀ AK-47 ਰਾਈਫ਼ਲ ਨਾਲ ਗੋਲੀਆਂ ਚਲਾਈਆਂ। ਉਸ ਕੋਲ ਕਰੀਬ 150 ਰੌਂਦ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

ਸੁਰੱਖਿਆ ਬਲਾਂ ਵਿੱਚ ਡਿਊਟੀ ਨਿਭਾ ਰਹੇ ਜਵਾਨਾਂ ਵਿਚਾਲੇ ਆਪਸੀ ਵਿਵਾਦ ਜਾਂ ਤਕਰਾਰ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ ਇਸ ਘਟਨਾ ਦੇ ਪਿੱਛੇ ਅਸਲ ਕਾਰਨ ਦੀ ਪੁਲੀਸ ਅਤੇ CISF ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਜਿਸ ਪਾਵਰ ਪ੍ਰਾਜੈਕਟ ਦੀ ਸੁਰੱਖਿਆ ਸੀ, ਉਹ 12 ਸਾਲ ਤੋਂ ਬੰਦ

ਬਸੋਹਲੀ ਤਹਿਸੀਲ ਵਿੱਚ ਰਾਵੀ ਦਰਿਆ ’ਤੇ ਸਥਿਤ ਸੇਵਾ-3 ਪਾਵਰ ਪ੍ਰਾਜੈਕਟ ਦਾ ਨਿਰਮਾਣ 1993 ਵਿੱਚ ਸ਼ੁਰੂ ਹੋਇਆ ਸੀ। ਸਾਲ 2013 ਵਿੱਚ ਆਏ ਹੜ੍ਹ ਦੌਰਾਨ ਪ੍ਰਾਜੈਕਟ ਦਾ ਲਗਭਗ 300 ਮੀਟਰ ਲੰਬਾ ਹਿੱਸਾ ਨੁਕਸਾਨੀ ਹੋ ਕੇ ਰੁੜ੍ਹ ਗਿਆ ਸੀ।

ਇਸ ਘਟਨਾ ਤੋਂ ਬਾਅਦ ਪ੍ਰਾਜੈਕਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਹ ਪਿਛਲੇ ਕਰੀਬ 12 ਸਾਲਾਂ ਤੋਂ ਚਾਲੂ ਨਹੀਂ ਹੈ। ਇਸ ਦੇ ਬਾਵਜੂਦ ਇੱਥੇ ਸੁਰੱਖਿਆ ਲਈ CISF ਦੇ ਜਵਾਨ ਤਾਇਨਾਤ ਕੀਤੇ ਗਏ ਸਨ।