ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾ ਟਰੈਪ ਦੇ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਹ ਮਹਿਲਾ ਟਰੈਪ ਵਿੱਚ ਇਹ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਦੇ ਨਾਲ ਹੀ ਨੀਰੂ ਨੇ ਆਸ਼ਿਮਾ ਅਹਿਲਾਵਤ ਅਤੇ ਮਨੀਸ਼ਾ ਕੀਰ ਨਾਲ ਮਿਲ ਕੇ ਟੀਮ ਮੁਕਾਬਲੇ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਵੀ ਜਿੱਤਿਆ।
ਹਰਿਆਣਾ ਦੇ ਜੀਂਦ ਨਾਲ ਸਬੰਧਤ 26 ਸਾਲਾ ਨੀਰੂ ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਦੇ ਅਹੁਦੇ ’ਤੇ ਤਾਇਨਾਤ ਹੈ। ਮੀਂਹ ਦੀ ਔਖੀ ਸਥਿਤੀ ਦੇ ਬਾਵਜੂਦ ਉਸ ਨੇ ਫਾਈਨਲ ਵਿੱਚ ਬੇਹੱਦ ਸਟੀਕ ਨਿਸ਼ਾਨੇ ਲਗਾਉਂਦਿਆਂ 30 ਵਿੱਚੋਂ 28 ਟਾਰਗੇਟ ਹਿੱਟ ਕੀਤੇ।
ਨੀਰੂ ਦੀ ਇਸ ਜਿੱਤ ਨਾਲ ਭਾਰਤ ਦਾ ਟਰੈਪ ਸ਼ੂਟਿੰਗ ਵਿੱਚ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ 48 ਸਾਲਾਂ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ। ਇਸ ਤੋਂ ਪਹਿਲਾਂ 1978 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਰਣਧੀਰ ਸਿੰਘ ਨੇ ਪੁਰਸ਼ਾਂ ਦੇ ਟਰੈਪ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਨੀਰੂ ਦੀ ਕਾਮਯਾਬੀ ਹੋਰ ਵੀ ਖ਼ਾਸ ਇਸ ਲਈ ਹੈ ਕਿਉਂਕਿ ਮੁਕਾਬਲੇ ਤੋਂ ਸਿਰਫ਼ 10 ਦਿਨ ਪਹਿਲਾਂ ਉਹ ਬਿਮਾਰੀ ਕਾਰਨ ਹਸਪਤਾਲ ਵਿੱਚ ਦਾਖ਼ਲ ਰਹੀ ਸੀ। ਇਸ ਦੌਰਾਨ ਉਹ ਲਗਭਗ ਪੰਜ ਦਿਨ ਤੱਕ ਕੁਝ ਖਾ ਨਹੀਂ ਸਕੀ। ਉਸ ਦੇ ਕੋਚ ਮਾਨਸ਼ੇਰ ਸਿੰਘ ਨੇ ਉਸ ਨੂੰ ਲਗਾਤਾਰ ਹੌਸਲਾ ਦਿੱਤਾ ਅਤੇ ਮੁਕਾਬਲੇ ਲਈ ਤਿਆਰ ਹੋਣ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਨੀਰੂ ਨੇ ਸ਼ਾਨਦਾਰ ਵਾਪਸੀ ਕਰਦਿਆਂ ਸੋਨ ਤਗ਼ਮਾ ਆਪਣੇ ਨਾਂ ਕੀਤਾ।
ਕੁਆਲੀਫਿਕੇਸ਼ਨ ਗੇੜ ਵਿੱਚ ਵੀ ਨੀਰੂ ਨੇ 118 ਅੰਕ ਹਾਸਲ ਕਰਕੇ ਸਿਖਰਲਾ ਸਥਾਨ ਹਾਸਲ ਕੀਤਾ ਸੀ। ਇਸੇ ਪ੍ਰਦਰਸ਼ਨ ਦੇ ਆਧਾਰ ’ਤੇ ਟੀਮ ਮੁਕਾਬਲੇ ਦਾ ਨਤੀਜਾ ਤੈਅ ਕੀਤਾ ਗਿਆ। ਨੀਰੂ ਨੇ 118, ਆਸ਼ਿਮਾ ਨੇ 106 ਅਤੇ ਮਨੀਸ਼ਾ ਨੇ 104 ਅੰਕ ਹਾਸਲ ਕੀਤੇ। ਤਿੰਨਾਂ ਦਾ ਕੁੱਲ ਸਕੋਰ 328 ਰਿਹਾ, ਜਿਸ ਨਾਲ ਭਾਰਤੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ।







