ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਮਾਮਲਾ ਦਰਜ ਕਰਨ ਅਤੇ ਉਸ ’ਤੇ ਹਮਲੇ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਜਾਂ ਨਾਮਜ਼ਦ ਕੀਤੇ ਗਏ ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਅੰਬਾਲਾ ਵਿੱਚ ਸਿੱਖ ਸੰਗਤ ਵੱਲੋਂ ਦਿੱਲੀ-ਅੰਬਾਲਾ ਕੌਮੀ ਮਾਰਗ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨ ਦੌਰਾਨ ਹਾਲਾਤ ਤਣਾਅਪੂਰਨ ਹੋ ਗਏ, ਜਿਸ ਕਾਰਨ ਭੀੜ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।
ਪ੍ਰਦਰਸ਼ਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਇੱਕ ਮੀਟਿੰਗ ਹੋਈ, ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਵੱਡੀ ਗਿਣਤੀ ਵਿੱਚ ਸੰਗਤ ਅੰਬਾਲਾ-ਨਾਰਾਇਣਗੜ੍ਹ ਰੋਡ ’ਤੇ ਇਕੱਠੀ ਹੋਈ। ਪੁਲੀਸ ਵੱਲੋਂ ਰੋਕਣ ਦੇ ਯਤਨਾਂ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰ ਦਿੱਤੀ ਅਤੇ ਬਾਅਦ ਵਿੱਚ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਜੱਗੀ ਸਿਟੀ ਸੈਂਟਰ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮੰਡ ਦੀ ਸ਼ਿਕਾਇਤ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ, ਪਰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਨੌਜਵਾਨਾਂ ਉੱਤੇ ਕੀਤੀ ਗਈ ਕਾਰਵਾਈ ਵਾਪਸ ਲਈ ਜਾਵੇ ਅਤੇ ਹਿਰਾਸਤ ਵਿੱਚ ਰੱਖੇ ਗਏ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਸਥਿਤੀ ਨੂੰ ਸੰਭਾਲਣ ਲਈ ਆਈਜੀ ਅੰਬਾਲਾ ਪੰਕਜ ਨੈਨ ਅਤੇ ਐੱਸਪੀ ਅਜੀਤ ਸਿੰਘ ਸ਼ੇਖਾਵਤ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸੰਗਤ ਨਾਲ ਗੱਲਬਾਤ ਕਰਕੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭਰੋਸਾ ਦਿੱਤਾ ਕਿ ਮੰਗਾਂ ਦੇ ਸਬੰਧ ਵਿੱਚ ਕਾਨੂੰਨੀ ਤੌਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੋ ਵਿਅਕਤੀ ਨਿਆਂਇਕ ਹਿਰਾਸਤ ਵਿੱਚ ਹਨ, ਉਨ੍ਹਾਂ ਦੀ ਰਿਹਾਈ ਸਿਰਫ਼ ਅਦਾਲਤੀ ਪ੍ਰਕਿਰਿਆ ਰਾਹੀਂ ਹੀ ਸੰਭਵ ਹੈ।
ਦੇਰ ਸ਼ਾਮ ਤੱਕ ਹਾਈਵੇਅ ’ਤੇ ਟਰੈਫਿਕ ਪ੍ਰਭਾਵਿਤ ਰਿਹਾ ਅਤੇ ਇਲਾਕੇ ਵਿੱਚ ਤਣਾਅਪੂਰਨ ਮਾਹੌਲ ਬਣਿਆ ਰਿਹਾ। ਖ਼ਬਰ ਲਿਖੇ ਜਾਣ ਸਮੇਂ ਤੱਕ ਮੁੱਖ ਮਾਰਗ ’ਤੇ ਜਾਮ ਜਾਰੀ ਸੀ।
ਗੌਰਤਲਬ ਹੈ ਕਿ 7 ਅਗਸਤ ਨੂੰ ਗੁਰਸਿਮਰਨ ਸਿੰਘ ਮੰਡ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਹੁੰਚਿਆ ਸੀ। ਉਥੇ ਹੋਏ ਵਿਵਾਦ ਤੋਂ ਬਾਅਦ ਕੁਝ ਲੋਕਾਂ ਅਤੇ ਨਿਹੰਗ ਸਿੰਘਾਂ ਵੱਲੋਂ ਉਸ ਨਾਲ ਕੁੱਟਮਾਰ ਕਰਨ ਅਤੇ ਉਸ ਦੀ ਇਨੋਵਾ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਸਨ। ਇਸ ਘਟਨਾ ਸਬੰਧੀ ਪੁਲੀਸ ਵੱਲੋਂ ਕਈ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਸਨ।







