ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ 14 ਨਵੰਬਰ, ਸ਼ਨੀਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਸਪਲਾਈ ਬੰਦ ਰਹਿਣ ਵਾਲੀ ਹੈ। ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ ਬਿਜਲੀ ਲਾਈਨਾਂ ਅਤੇ ਸਬ-ਸਟੇਸ਼ਨਾਂ ਦੀ ਜ਼ਰੂਰੀ ਮੁਰੰਮਤ ਤੇ ਨਿਰਮਾਣ ਕਾਰਜਾਂ ਦੇ ਚੱਲਦਿਆਂ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਪਹਿਲਾਂ ਹੀ ਸਮਾਂ ਅਤੇ ਪ੍ਰਭਾਵਿਤ ਇਲਾਕਿਆਂ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ।

ਸਮਾਲਸਰ ਤੋਂ ਬਾਘਾ ਪੁਰਾਣਾ ਤੱਕ 66 ਕੇ.ਵੀ. ਲਾਈਨ ਦੀ ਮੁਰੰਮਤ

ਸਮਾਲਸਰ ਤੋਂ ਬਾਘਾ ਪੁਰਾਣਾ ਤੱਕ ਜਾਂਦੀ 66 ਕੇ.ਵੀ. ਬਿਜਲੀ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ 14 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ 66 ਕੇ.ਵੀ. ਸਬ-ਸਟੇਸ਼ਨ ਸਮਾਲਸਰ ਤੋਂ ਚੱਲਣ ਵਾਲੇ ਪਿੰਡ ਸਮਾਲਸਰ, ਲੰਡੇ, ਡੇਮਰੂ ਕਲਾਂ, ਡੇਮਰੂ ਖੁਰਦ, ਜੀ.ਟੀ.ਬੀ. ਗੜ੍ਹ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜ, ਜੀ.ਟੀ.ਬੀ. ਗੜ੍ਹ ਕੋਠੇ ਅਤੇ ਕੋਠੇ ਸੰਧੂਆਂ ਪ੍ਰਭਾਵਿਤ ਹੋਣਗੇ। ਇਸ ਤੋਂ ਇਲਾਵਾ 66 ਕੇ.ਵੀ. ਸਬ-ਸਟੇਸ਼ਨ ਮਾੜੀ ਮੁਸਤਫਾ ਤੋਂ ਸਪਲਾਈ ਲੈਣ ਵਾਲੇ ਪਿੰਡ ਮਾੜੀ ਵੈਰੋਕੇ, ਲਧਾਈਕੇ, ਚੰਨੂਵਾਲਾ ਅਤੇ ਚੌਧਰੀਵਾਲਾ ਸਮੇਤ ਹੋਰ ਇਲਾਕਿਆਂ ਵਿੱਚ ਵੀ ਬਿਜਲੀ ਬੰਦ ਰਹੇਗੀ।

ਗੁਰਦਾਸਪੁਰ ਵਿੱਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ

ਗੁਰਦਾਸਪੁਰ ਸ਼ਹਿਰੀ ਸਬ-ਡਿਵੀਜ਼ਨ ਅਧੀਨ ਨਵੇਂ 66 ਕੇ.ਵੀ. ਸਬ-ਸਟੇਸ਼ਨ ਚੱਕ ਅਰਾਈਆਂ ਦੇ ਨਿਰਮਾਣ ਕਾਰਜ ਕਾਰਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ 11 ਕੇ.ਵੀ. ਸਿਟੀ, ਬਠਵਾਲਾ, ਸਾਧੂਚੱਕ ਅਤੇ ਗੱਤਾ ਫੈਕਟਰੀ ਫੀਡਰਾਂ ਸਮੇਤ ਕਾਲਾ ਨੰਗਲ ਅਤੇ ਬਰਨਾਲਾ ਮੋਟਰਾਂ ਵਾਲੇ ਫੀਡਰਾਂ ਦੀ ਸਪਲਾਈ ਵੀ ਬੰਦ ਰਹੇਗੀ। ਇਸ ਤੋਂ ਇਲਾਵਾ ਸਦਰ ਬਾਜ਼ਾਰ, ਲਾਇਬ੍ਰੇਰੀ ਚੌਕ, ਮੇਨ ਬਾਜ਼ਾਰ, ਪ੍ਰੇਮ ਨਗਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੁਰਾਣੀ ਕਾਹਨੂੰਵਾਨੀ ਮੰਡੀ ਦੇ ਇਲਾਕਿਆਂ ਵਿੱਚ ਵੀ ਬਿਜਲੀ ਨਹੀਂ ਆਵੇਗੀ।

ਬੁਢਲਾਡਾ ਅਤੇ ਦਾਤੇਵਾਸ ਦੇ ਸਾਰੇ ਫੀਡਰ ਰਹਿਣਗੇ ਬੰਦ

ਬੁਢਲਾਡਾ ਵਿੱਚ ਵੀ ਬਿਜਲੀ ਖਪਤਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 66 ਕੇ.ਵੀ. ਸਬ-ਸਟੇਸ਼ਨ ਬੁਢਲਾਡਾ ਅਤੇ ਦਾਤੇਵਾਸ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਗਰਿੱਡ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਭੰਗਲਾਂ ਫੀਡਰ ਅਧੀਨ ਪਿੰਡਾਂ ਅਤੇ ਕਰੈਸ਼ਰ ਜ਼ੋਨ ਵਿੱਚ ਬਿਜਲੀ ਬੰਦ

ਨੂਰਪੁਰਬੇਦੀ ਇਲਾਕੇ ਵਿੱਚ 11 ਕੇ.ਵੀ. ਭੰਗਲਾਂ ਫੀਡਰ ਦੀ ਮੁਰੰਮਤ ਕਾਰਨ 14 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਨਾਲ ਸਪਾਲਵਾਂ, ਖੇੜਾ ਕਲਮੋਟ, ਮਜਾਰੀ, ਮਹਿੰਦਪੁਰ ਅਤੇ ਪਲਾਟਾ ਸਮੇਤ ਭੰਗਲਾਂ ਦੇ ਕਰੈਸ਼ਰ ਜ਼ੋਨ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ।

ਭੱਟੋਂ ਫੀਡਰ ਦੇ ਪਿੰਡਾਂ ਵਿੱਚ ਵੀ ਲੱਗੇਗਾ ਬਿਜਲੀ ਕੱਟ

ਇਸੇ ਤਰ੍ਹਾਂ ਤਖਤਗੜ੍ਹ ਉਪ ਦਫ਼ਤਰ ਅਧੀਨ ਆਉਂਦੇ ਭੱਟੋਂ ਫੀਡਰ ਦੀ ਬਿਜਲੀ ਸਪਲਾਈ ਵੀ ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਸਰਥਲੀ, ਭੱਟੋਂ, ਭੋਗੀਪੁਰ, ਬੈਂਸਾਂ, ਟੱਪਰੀਆਂ, ਅੱਡਾ ਬੈਂਸ, ਤਖਤਗੜ੍ਹ, ਢਾਹਾਂ, ਘੜੀਸਪੁਰ, ਔਲਖਾਂ, ਅਸਾਲਤਪੁਰ ਅਤੇ ਲੈਹੜੀਆਂ ਸਮੇਤ ਕਈ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਵਿਭਾਗ ਮੁਤਾਬਕ ਮੁਰੰਮਤ ਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦੇ ਸਮੇਂ ਵਿੱਚ ਕੁਝ ਤਬਦੀਲੀ ਵੀ ਹੋ ਸਕਦੀ ਹੈ।

ਇਸ ਲਈ ਇਨ੍ਹਾਂ ਇਲਾਕਿਆਂ ਦੇ ਬਿਜਲੀ ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਿਜਲੀ ਬੰਦ ਹੋਣ ਦੇ ਨਿਰਧਾਰਤ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ।