ਆਜ਼ਾਦੀ ਦਿਵਸ ਮੌਕੇ ਦਿੱਲੀ ਮੈਟਰੋ ਦਾ ਵੱਡਾ ਫ਼ੈਸਲਾ, ਸਵੇਰੇ 4 ਵਜੇ ਤੋਂ ਦੌੜਣਗੀਆਂ ਟ੍ਰੇਨਾਂ

ਆਜ਼ਾਦੀ ਦਿਵਸ ਸਮਾਰੋਹ ਦੇ ਮੱਦੇਨਜ਼ਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ 15 ਅਗਸਤ ਨੂੰ ਯਾਤਰੀਆਂ ਦੀ ਸਹੂਲਤ ਲਈ ਖ਼ਾਸ ਪ੍ਰਬੰਧ ਕੀਤੇ ਹਨ। ਡੀਐਮਆਰਸੀ ਅਨੁਸਾਰ, ਸੁਤੰਤਰਤਾ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਵਿਸ਼ੇਸ਼ ਮਹਿਮਾਨਾਂ, ਸੱਦੇ ਗਏ ਵਿਅਕਤੀਆਂ ਅਤੇ ਆਮ ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਮੈਟਰੋ ਸੇਵਾਵਾਂ ਸਵੇਰੇ 4 ਵਜੇ ਤੋਂ ਹੀ ਚਾਲੂ ਕਰ ਦਿੱਤੀਆਂ ਜਾਣਗੀਆਂ।

ਕਾਰਪੋਰੇਸ਼ਨ ਨੇ ਦੱਸਿਆ ਕਿ ਸਵੇਰੇ 4 ਵਜੇ ਤੋਂ ਨਿਯਮਤ ਸਮਾਂ-ਸਾਰਣੀ ਅਨੁਸਾਰ ਸੇਵਾ ਸ਼ੁਰੂ ਹੋਣ ਤੱਕ ਸਾਰੀਆਂ ਮੈਟਰੋ ਲਾਈਨਾਂ ’ਤੇ ਟ੍ਰੇਨਾਂ ਹਰ 30 ਮਿੰਟ ਬਾਅਦ ਚੱਲਣਗੀਆਂ, ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਡੀਐਮਆਰਸੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੁਤੰਤਰਤਾ ਦਿਵਸ ਸਮਾਰੋਹ ਲਈ ਰੱਖਿਆ ਮੰਤਰਾਲੇ ਨੂੰ ਲਗਭਗ 1.30 ਲੱਖ ਵਿਸ਼ੇਸ਼ ਕਿਊਆਰ (QR) ਟਿਕਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਰੱਖਿਆ ਮੰਤਰਾਲੇ ਵੱਲੋਂ ਜਾਰੀ ਪ੍ਰਵੇਸ਼ ਪੱਤਰ ਰੱਖਣ ਵਾਲੇ ਸੱਦੇ ਗਏ ਮਹਿਮਾਨਾਂ ਨੂੰ ਚੁਣੇ ਹੋਏ ਮੈਟਰੋ ਸਟੇਸ਼ਨਾਂ ਤੋਂ ਪਹਿਲਾਂ ਤੋਂ ਜਾਰੀ ਕੀਤੀਆਂ ਗਈਆਂ ਕਿਊਆਰ ਟਿਕਟਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।

ਲਾਲ ਕਿਲ੍ਹੇ ਵਿੱਚ ਹੋਣ ਵਾਲੇ ਮੁੱਖ ਸਮਾਰੋਹ ਲਈ ਲਾਲ ਕਿਲਾ, ਜਾਮਾ ਮਸਜਿਦ ਅਤੇ ਦਿੱਲੀ ਗੇਟ ਮੈਟਰੋ ਸਟੇਸ਼ਨ ਸਭ ਤੋਂ ਨੇੜੇ ਹਨ। ਡੀਐਮਆਰਸੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਵਿਸ਼ੇਸ਼ ਕਿਊਆਰ ਟਿਕਟਾਂ ਰਾਹੀਂ ਕੀਤੀ ਗਈ ਯਾਤਰਾ ਦਾ ਖ਼ਰਚਾ ਰੱਖਿਆ ਮੰਤਰਾਲਾ ਵੱਲੋਂ ਭੁਗਤਾਨ ਕੀਤਾ ਜਾਵੇਗਾ।