ਖੰਨਾ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਨਾਲ ਸਬੰਧਤ ਇੱਕ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕੁਝ ਲੋਕਾਂ ਨੇ ਜਾਅਲੀ ਐੱਨ.ਓ.ਸੀ. (ਨੋ ਓਬਜੈਕਸ਼ਨ ਸਰਟੀਫਿਕੇਟ) ਦੀ ਵਰਤੋਂ ਕਰਕੇ ਜ਼ਮੀਨਾਂ ਦੀਆਂ ਰਜਿਸਟਰੀਆਂ ਤਸਦੀਕ ਕਰਵਾ ਲਈਆਂ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਪ ਮੰਡਲ ਮੈਜਿਸਟਰੇਟ ਖੰਨਾ ਸਵਾਤੀ ਟਿਵਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬਾਹੋਮਾਜਰਾ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੇ ਦਫ਼ਤਰ ਸਬ ਰਜਿਸਟਰਾਰ ਖੰਨਾ ਵਿੱਚ ਜਾਅਲੀ ਐੱਨ.ਓ.ਸੀ. ਦੇ ਆਧਾਰ ‘ਤੇ ਰਜਿਸਟਰੀਆਂ ਹੋਣ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਤਹਿਸੀਲਦਾਰ ਖੰਨਾ ਨੂੰ ਸੌਂਪੀ ਗਈ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁੱਲ 35 ਰਜਿਸਟਰੀਆਂ ਜਾਅਲੀ ਐੱਨ.ਓ.ਸੀ. ਦੇ ਆਧਾਰ ‘ਤੇ ਤਸਦੀਕ ਕਰਵਾਈਆਂ ਗਈਆਂ ਹਨ। ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਉਪ ਪੁਲਿਸ ਕਪਤਾਨ ਖੰਨਾ ਨੂੰ ਪੱਤਰ ਭੇਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ 18 ਹੋਰ ਰਜਿਸਟਰੀਆਂ ਮੈਨੂਅਲ ਐੱਨ.ਓ.ਸੀ. ਦੇ ਆਧਾਰ ‘ਤੇ ਕੀਤੀਆਂ ਗਈਆਂ, ਜਿਨ੍ਹਾਂ ਦੀ ਜਾਂਚ ਇਸ ਵੇਲੇ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਮਿਲਣ ਉਪਰੰਤ ਇਨ੍ਹਾਂ ਮਾਮਲਿਆਂ ਵਿੱਚ ਵੀ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਭੇਜਿਆ ਜਾਵੇਗਾ। ਪ੍ਰਸ਼ਾਸਨ ਨੇ ਇਹ ਵੀ ਦੱਸਿਆ ਕਿ ਹੋਰ ਸ਼ੱਕੀ ਰਜਿਸਟਰੀਆਂ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ।
ਇਸ ਮੌਕੇ ਐੱਸ.ਡੀ.ਐੱਮ. ਸਵਾਤੀ ਟਿਵਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਜਾਇਦਾਦ ਦੀ ਖਰੀਦ ਤੋਂ ਪਹਿਲਾਂ ਉਸ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਦੀ ਧਿਆਨ ਨਾਲ ਜਾਂਚ ਜ਼ਰੂਰ ਕਰਨ, ਤਾਂ ਜੋ ਭਵਿੱਖ ਵਿੱਚ ਕਿਸੇ ਧੋਖਾਧੜੀ ਦਾ ਸ਼ਿਕਾਰ ਨਾ ਹੋਣਾ ਪਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਜਾਂ ਸਰਕਾਰੀ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਤਹਿਸੀਲਦਾਰ ਖੰਨਾ ਗੁਰੂਚਰਨ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।






