ਅਕਾਲੀ ਦਲ ਤੋਂ ਬਰਖ਼ਾਸਤ ਰੂਪ ਕੌਰ ਸੰਧੂ DGP ਕੋਲ ਪਹੁੰਚੀ, ਧਮਕੀਆਂ ਕਾਰਨ ਸੁਰੱਖਿਆ ਦੀ ਮੰਗ

Roop Kaur Sandhu: ਅਕਾਲੀ ਦਲ ਤੋਂ ਬਰਖ਼ਾਸਤਗੀ ਦੇ ਅਗਲੇ ਦਿਨ DGP ਨੂੰ ਮਿਲੀ ਰੂਪ ਕੌਰ ਸੰਧੂ, ਸੁਰੱਖਿਆ ਦੀ ਕੀਤੀ ਮੰਗ

ਸ਼੍ਰੋਮਣੀ ਅਕਾਲੀ ਦਲ ਤੋਂ ਬਰਖ਼ਾਸਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਪਾਰਟੀ ਦੀ ਸਾਬਕਾ ਸੰਯੁਕਤ ਸਕੱਤਰ ਰੂਪ ਕੌਰ ਸੰਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ। ਸੰਧੂ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਹਵਾਲਾ ਦਿੰਦਿਆਂ ਪੁਲੀਸ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਰੱਖੀ।

ਆਪਣੀ ਬਰਖ਼ਾਸਤਗੀ ’ਤੇ ਇਤਰਾਜ਼ ਜਤਾਉਂਦਿਆਂ ਸੰਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਸਾਹਮਣੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਬਿਨਾਂ ਹੀ ਕਾਰਵਾਈ ਕੀਤੀ ਗਈ। ਉਨ੍ਹਾਂ ਇਸ ਨੂੰ ਪਾਰਟੀ ਦੇ ਸੰਵਿਧਾਨ ਦੀ ਉਲੰਘਣਾ ਕਰਾਰ ਦਿੱਤਾ।

ਸੰਧੂ ਨੇ ਆਪਣੇ ਆਪ ਨੂੰ ਅਕਾਲੀ ਦਲ ਦੀ ਰਸਮੀ ਮੈਂਬਰ ਦੱਸਦਿਆਂ ਆਪਣੇ ਖ਼ਿਲਾਫ਼ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਦੀ ਮਿਆਦ ਅਤੇ ਤਰੀਕੇ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ‘ਵ੍ਹਿਸਲਬਲੋਅਰ’ ਵਜੋਂ ਮਾਮਲੇ ਉਠਾਉਣ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ।

ਉਨ੍ਹਾਂ ਦੇ ਦਾਅਵੇ ਮੁਤਾਬਕ ਸੋਸ਼ਲ ਮੀਡੀਆ ਰਾਹੀਂ ਮਾਮਲਾ ਜਨਤਕ ਕਰਨ ਤੋਂ ਬਾਅਦ ਅਣਪਛਾਤੇ ਫੋਨ ਨੰਬਰਾਂ ਤੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਉਣ ਲੱਗੀਆਂ। ਸੰਧੂ ਨੇ ਇਹ ਵੀ ਕਿਹਾ ਕਿ ਕੁਝ ਕਾਲਾਂ ਵਿਦੇਸ਼ਾਂ ਵਿੱਚ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਵੱਲੋਂ ਆਈਆਂ ਸਨ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮਾਮਲੇ ਦਾ ਵੀ ਕੀਤਾ ਜ਼ਿਕਰ

19 ਸਤੰਬਰ ਨੂੰ ਰੂਪ ਕੌਰ ਸੰਧੂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਨਾਲ ਸਬੰਧਤ ਮਾਮਲਾ ਵੀ ਉਠਾਇਆ ਸੀ। ਉਨ੍ਹਾਂ ਵੱਲੋਂ ਵਿਰਸਾ ਸਿੰਘ ਵਲਟੋਹਾ ਅਤੇ ਚਾਵਲਾ ਖ਼ਿਲਾਫ਼ ਦਰਜ ਐੱਫਆਈਆਰ ਵਿੱਚ ਲਾਏ ਗਏ ਦੋਸ਼ਾਂ ਨੂੰ ਦੁਹਰਾਉਂਦਿਆਂ ਬਹਿਰੀਨ ਦੀ ਇੱਕ ਮਹਿਲਾ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।

ਸੰਧੂ ਨੇ ਦੱਸਿਆ ਕਿ ਡੀਜੀਪੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਆਪਣੀ ਸੁਰੱਖਿਆ ਦੇ ਮੁੱਦੇ ਤੋਂ ਇਲਾਵਾ ਕਥਿਤ ਜਬਰ-ਜਨਾਹ ਦੇ ਮਾਮਲੇ ਬਾਰੇ ਵੀ ਗੱਲਬਾਤ ਕੀਤੀ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੇ ਸੰਗਠਨ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ ਸੰਧੂ ਮੁਤਾਬਕ ਉਹ ਭਵਿੱਖ ਵਿੱਚ ਸਿਰਫ਼ ਉਸ ਸਿਆਸੀ ਪਾਰਟੀ ਨਾਲ ਜੁੜਨ ਬਾਰੇ ਵਿਚਾਰ ਕਰਨਗੇ, ਜਿਸ ਦੀ ਅਗਵਾਈ ਪੰਥਕ ਹੋਵੇ।

ਅਕਾਲੀ ਦਲ ਦੇ ਅੰਦਰੂਨੀ ਮਾਮਲਿਆਂ ’ਤੇ ਵੀ ਕੀਤੀ ਟਿੱਪਣੀ

ਅਕਾਲੀ ਦਲ ਦੀ ਅੰਦਰੂਨੀ ਸਿਆਸਤ ਬਾਰੇ ਗੱਲ ਕਰਦਿਆਂ ਸੰਧੂ ਨੇ ਦੋਸ਼ ਲਾਇਆ ਕਿ ਪਾਰਟੀ ਵਿੱਚ ਕੁਝ ਅਜਿਹੇ ਲੋਕ ਮੌਜੂਦ ਹਨ, ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਦੇਖਣਾ ਨਹੀਂ ਚਾਹੁੰਦੇ।

ਸੋਮਵਾਰ ਨੂੰ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵੀ ਸੰਧੂ ਨੇ ਦਾਅਵਾ ਕੀਤਾ ਸੀ ਕਿ ਬਹਿਰੀਨ ਦੀ ਮਹਿਲਾ ਵੱਲੋਂ ਲਗਾਏ ਦੋਸ਼ ਜਨਤਕ ਹੋਣ ਤੋਂ ਬਾਅਦ ਕਈ ਹੋਰ ਔਰਤਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਉਨ੍ਹਾਂ ਅਨੁਸਾਰ, ਇਨ੍ਹਾਂ ਔਰਤਾਂ ਨੇ ਵੀ ਆਪਣੇ ਨਾਲ ਵਾਪਰੀਆਂ ਕਥਿਤ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।