ਹਰਮੁਜ਼ ਜਲਮਾਰਗ ਖੋਲ੍ਹਣ ਦੀ ਇਰਾਨੀ ਪੇਸ਼ਕਸ਼ ਟਰੰਪ ਨੇ ਕੀਤੀ ਰੱਦ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਸਬੰਧੀ ਇਰਾਨ ਵੱਲੋਂ ਦਿੱਤੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਸ਼ਨਿਚਰਵਾਰ ਨੂੰ ਕਾਲਜ ਫੁੱਟਬਾਲ ਮੈਚ ਲਈ ਰਵਾਨਾ ਹੋਣ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।
ਟਰੰਪ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਇਰਾਨ ਨੇ ਇਸ ਹਫ਼ਤੇ ਹਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਸਬੰਧੀ ਇੱਕ ਤਜਵੀਜ਼ ਰੱਖੀ ਸੀ। ਇਰਾਨ ਵੱਲੋਂ ਕਿਹਾ ਗਿਆ ਸੀ ਕਿ ਜੇ ਅਮਰੀਕਾ ਇਰਾਨੀ ਬੰਦਰਗਾਹਾਂ ਦੀ ਜਲ ਸੈਨਾ ਵੱਲੋਂ ਕੀਤੀ ਜਾ ਰਹੀ ਨਾਕਾਬੰਦੀ ਹਟਾ ਦੇਵੇ, ਇਰਾਨੀ ਤੇਲ ਦੀ ਵਿਕਰੀ ’ਤੇ ਲੱਗੀਆਂ ਪਾਬੰਦੀਆਂ ਵਿੱਚ ਛੋਟ ਦੇਵੇ ਅਤੇ ਲਿਬਨਾਨ ਸਮੇਤ ਜੰਗਬੰਦੀ ਦੀ ਪਾਲਣਾ ਕਰੇ ਤਾਂ ਉਹ ਸੱਤ ਦਿਨਾਂ ਦੇ ਅੰਦਰ ਹਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਲਈ ਤਿਆਰ ਹੈ।
ਇਸ ਦੇ ਨਾਲ ਹੀ ਇਰਾਨ ਨੇ ਆਪਣੇ ਪ੍ਰਮੁੱਖ ਪ੍ਰਮਾਣੂ ਪ੍ਰੋਗਰਾਮ ਨਾਲ ਸਬੰਧਤ ਗੱਲਬਾਤ ਮੁੜ ਸ਼ੁਰੂ ਕਰਨ ਦੀ ਵੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਟਰੰਪ ਵੱਲੋਂ ਪ੍ਰਸਤਾਵ ਰੱਦ ਕੀਤੇ ਜਾਣ ਨਾਲ ਅਮਰੀਕਾ ਅਤੇ ਇਰਾਨ ਵਿਚਾਲੇ ਹਰਮੁਜ਼ ਜਲਮਾਰਗ ਨੂੰ ਲੈ ਕੇ ਸਹਿਮਤੀ ਬਣਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ।







