ਲੁਧਿਆਣਾ ਦੇ ਰਾਏਕੋਟ ਇਲਾਕੇ ਨੇੜੇ ਵੀਰਵਾਰ ਸਵੇਰੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਕਾਰ ਦੇ ਤਾਲਾਬ ਵਿੱਚ ਡਿੱਗ ਜਾਣ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ, ਜਦਕਿ ਦੋ ਹੋਰ ਵਿਅਕਤੀ ਬਚ ਗਏ। ਮ੍ਰਿਤਕਾਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਕਰੀਬੀ ਸਾਥੀ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜ ਜਣੇ ਨਕੋਦਰ ਤੋਂ ਦਿੜ੍ਹਬਾ ਵੱਲ ਕਾਰ ਰਾਹੀਂ ਜਾ ਰਹੇ ਸਨ। ਰਾਤ ਕਰੀਬ 1:15 ਵਜੇ ਜਗਰਾਉਂ ਤੋਂ ਲਗਭਗ 12 ਕਿਲੋਮੀਟਰ ਦੂਰ ਰਾਏਕੋਟ ਨੇੜਲੇ ਪਿੰਡ ਬਾਸੀਆਂ ਕੋਲ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਉਤਰ ਗਈ ਅਤੇ ਨੇੜਲੇ ਤਾਲਾਬ ਵਿੱਚ ਜਾ ਸਮਾਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਮ੍ਰਿਤਕਾਂ ਦੀ ਪਛਾਣ ‘ਆਪ’ ਆਗੂ ਬਲਕਾਰ ਸਿੰਘ, ਵਿਸ਼ਾਲ ਅਤੇ ਸੰਦੀਪ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਬਚਾਅ ਕਾਰਵਾਈ ਦੌਰਾਨ ਤਾਲਾਬ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਪੁਲੀਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਸਦਰ ਰਾਏਕੋਟ ਦੇ ਐੱਸਐੱਚਓ ਹੀਰਾ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਵਿਅਕਤੀ ਸੁਰੱਖਿਅਤ ਬਚ ਗਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਜ਼ਦੀਕੀ ਸਾਥੀ ਸਨ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।







