ਮੋਗਾ ’ਚ ‘ਆਪ’ ਦੀ ਰੈਲੀ ਦੌਰਾਨ ਵੱਡਾ ਹਾਦਸਾ, ਕੌਫ਼ੀ ਮਸ਼ੀਨ ਫਟਣ ਕਾਰਨ ਇੱਕ ਦੀ ਮੌਤ

ਮੋਗਾ ’ਚ ‘ਆਪ’ ਦੀ ਖੁਸ਼ਹਾਲ ਪੰਜਾਬ ਰੈਲੀ ਦੌਰਾਨ ਦਰਦਨਾਕ ਹਾਦਸਾ, ਕੌਫ਼ੀ ਮਸ਼ੀਨ ਫਟਣ ਨਾਲ ਕਾਮੇ ਦੀ ਮੌਤ

ਮੋਗਾ-ਲੁਧਿਆਣਾ ਕੌਮੀ ਮਾਰਗ ’ਤੇ ਪਿੰਡ ਨੱਥੂਵਾਲਾ ਜਦੀਦ ਵਿਖੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕਰਵਾਈ ਜਾ ਰਹੀ ਸੂਬਾ ਪੱਧਰੀ ‘ਖੁਸ਼ਹਾਲ ਪੰਜਾਬ ਰੈਲੀ’ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋ ਰਹੀ ਇਸ ਰੈਲੀ ਦੇ ਸਥਾਨ ’ਤੇ ਕੌਫ਼ੀ ਮਸ਼ੀਨ ਫਟਣ ਕਾਰਨ ਇੱਕ ਕਾਮੇ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਰੈਲੀ ਦੌਰਾਨ ਮੀਡੀਆ ਕਰਮਚਾਰੀਆਂ ਅਤੇ ਪੱਤਰਕਾਰਾਂ ਲਈ ਖਾਣੇ ਦਾ ਪ੍ਰਬੰਧ ਕਰਨ ਵਾਸਤੇ ਇੱਕ ਵਿਸ਼ੇਸ਼ ਪੰਡਾਲ ਲਗਾਇਆ ਗਿਆ ਸੀ। ਇਸੇ ਪੰਡਾਲ ਵਿੱਚ ਕੌਫ਼ੀ ਤਿਆਰ ਕਰਨ ਲਈ ਮਸ਼ੀਨ ਲਗਾਈ ਗਈ ਸੀ। ਜਦੋਂ ਮਸ਼ੀਨ ਰਾਹੀਂ ਕੌਫ਼ੀ ਬਣਾਈ ਜਾ ਰਹੀ ਸੀ ਤਾਂ ਅਚਾਨਕ ਜ਼ੋਰਦਾਰ ਧਮਾਕੇ ਨਾਲ ਮਸ਼ੀਨ ਫਟ ਗਈ।

ਇਸ ਹਾਦਸੇ ਵਿੱਚ ਉੱਥੇ ਕੰਮ ਕਰ ਰਹੇ ਇੱਕ ਕਾਮੇ ਦੀ ਮੌਤ ਹੋ ਗਈ। ਘਟਨਾ ਸਮੇਂ ਰੈਲੀ ਵਾਲੀ ਥਾਂ ’ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਮੌਕੇ ’ਤੇ ਹਫ਼ੜਾ-ਦਫ਼ੜੀ ਮਚ ਗਈ ਅਤੇ ਲੋਕਾਂ ਵਿੱਚ ਡਰ ਤੇ ਘਬਰਾਹਟ ਦਾ ਮਾਹੌਲ ਬਣ ਗਿਆ।

ਹਾਦਸੇ ਦੀ ਖ਼ਬਰ ਫੈਲਦਿਆਂ ਹੀ ਲੋਕ ਘਟਨਾ ਵਾਲੀ ਥਾਂ ਵੱਲ ਇਕੱਠੇ ਹੋਣ ਲੱਗੇ। ਇਸ ਮੰਦਭਾਗੀ ਘਟਨਾ ਨੇ ਰੈਲੀ ਦੇ ਖੁਸ਼ੀ ਭਰੇ ਮਾਹੌਲ ਨੂੰ ਸੋਗ ਵਿੱਚ ਬਦਲ ਦਿੱਤਾ। ਹਾਲਾਂਕਿ ਕੌਫ਼ੀ ਮਸ਼ੀਨ ਫਟਣ ਦੇ ਅਸਲ ਕਾਰਨਾਂ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।