ਪਰਲਜ਼ ਗਰੁੱਪ ਦੇ ਪਲਾਟ ਖ਼ਰੀਦਦਾਰਾਂ ਦੀ ਵਧੀ ਚਿੰਤਾ, ਨਗਦ ਨਿਵੇਸ਼ ਕਰਨ ਵਾਲੇ ਪਰੇਸ਼ਾਨ

ਪਰਲਜ਼ ਗਰੁੱਪ ਮਾਮਲੇ ’ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਨਗਦ ਪਲਾਟ ਖ਼ਰੀਦਣ ਵਾਲਿਆਂ ਦੀ ਵਧੀ ਮੁਸ਼ਕਲ

ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਨੇ ਪਰਲਜ਼ ਗਰੁੱਪ ਵੱਲੋਂ ਸਥਾਪਤ ਸੈਕਟਰ 100 ਅਤੇ 104 ਦੇ ਪਲਾਟ ਧਾਰਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਖ਼ਾਸ ਕਰਕੇ ਬਿਨਾਂ ਕਿਸੇ ਬੈਂਕਿੰਗ ਚੈਨਲ ਰਾਹੀਂ ਨਗਦ ਰਾਸ਼ੀ ਦੇ ਕੇ ਪਲਾਟ ਖ਼ਰੀਦਣ ਵਾਲੇ ਮਾਲਕਾਂ ਲਈ ਇਹ ਫ਼ੈਸਲਾ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਅਦਾਲਤ ਨੇ ਅਜਿਹੇ ਪਲਾਟ ਧਾਰਕਾਂ ਨੂੰ ‘ਕੈਟਾਗਰੀ-4’ ਵਿੱਚ ਰੱਖਦਿਆਂ ਪਲਾਟ ਜਾਂ ਰਕਮ ਵਾਪਸੀ ਸਬੰਧੀ ਕੋਈ ਰਾਹਤ ਨਹੀਂ ਦਿੱਤੀ। ਹਾਲਾਂਕਿ ਉਨ੍ਹਾਂ ਨੂੰ ਹੇਠਲੀ ਅਦਾਲਤ ਵਿੱਚ ਆਪਣਾ ਪੱਖ ਰੱਖਣ ਦੀ ਛੋਟ ਦਿੱਤੀ ਗਈ ਹੈ। ਲੋਧਾ ਕਮੇਟੀ ਨੂੰ ਇਨ੍ਹਾਂ ਪਲਾਟਾਂ ਨੂੰ ਖ਼ਾਲੀ ਕਰਾਰ ਦੇ ਕੇ ਅਗਲੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਸੈਕਟਰ 100 ਅਤੇ 104 ਵਿੱਚ ਸਾਲ 2016 ਤੋਂ ਬਾਅਦ ਵੱਡੇ ਪੱਧਰ ’ਤੇ ਮਕਾਨਾਂ ਦੀ ਉਸਾਰੀ ਹੋਈ। ਗਮਾਡਾ ਵੱਲੋਂ ਸਾਲ 2024 ਤੱਕ ਨਕਸ਼ੇ ਪਾਸ ਕੀਤੇ ਜਾਂਦੇ ਰਹੇ ਅਤੇ ਬਿਜਲੀ, ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਵੀ ਜਾਰੀ ਕੀਤੇ ਗਏ। ਇਸ ਦੌਰਾਨ ਬਾਜ਼ਾਰ ਮੁੱਲ ਨਾਲੋਂ ਕਾਫ਼ੀ ਘੱਟ ਕੀਮਤ ’ਤੇ ਨਗਦ ਰਾਸ਼ੀ ਦੇ ਕੇ ਹੋਈ ਪਲਾਟਾਂ ਦੀ ਖ਼ਰੀਦੋ-ਫ਼ਰੋਖ਼ਤ ਹੁਣ ਜਾਂਚ ਦੇ ਘੇਰੇ ਵਿੱਚ ਆ ਗਈ ਹੈ।

ਸਥਾਨਕ ਵਸਨੀਕਾਂ ਨੇ ਪਿਛਲੇ ਦਸ ਸਾਲਾਂ ਦੌਰਾਨ ਹੋਈ ਪਲਾਟਾਂ ਦੀ ਵਿਕਰੀ ਅਤੇ ਉਸਾਰੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਰਪੱਖ ਜਾਂਚ ਨਾਲ ਕਰੋੜਾਂ ਰੁਪਏ ਦੇ ਕਥਿਤ ਘਪਲੇ ਦਾ ਖ਼ੁਲਾਸਾ ਹੋ ਸਕਦਾ ਹੈ।

ਦੋ ਸਾਲ ਪਹਿਲਾਂ ਲੋਧਾ ਕਮੇਟੀ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਵੀ ਕਈ ਮਕਾਨਾਂ ਨੂੰ ਅਣਅਧਿਕਾਰਤ ਦੱਸਿਆ ਗਿਆ ਸੀ। ਇਨ੍ਹਾਂ ਵਿੱਚ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸਿਆਸੀ ਆਗੂਆਂ ਦੇ ਮਕਾਨ ਵੀ ਸ਼ਾਮਲ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਪੰਚਾਇਤੀ ਰਸਤਿਆਂ ਅਤੇ ਕਿਸਾਨਾਂ ਦੀਆਂ ਨਾ ਵਿਕੀਆਂ ਜ਼ਮੀਨਾਂ ’ਤੇ ਕਬਜ਼ਿਆਂ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ।

ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਲਾਏ ਵਧਾਈ ਬੋਰਡ

ਪਰਲਜ਼ ਸਿਟੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ 100-104 ਦੇ ਪ੍ਰਧਾਨ ਕੁਲਬੀਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਦੀ ਅਗਵਾਈ ਹੇਠ ਦੋਵਾਂ ਸੈਕਟਰਾਂ ਵਿੱਚ ਦਰਜਨ ਤੋਂ ਵੱਧ ਥਾਵਾਂ ’ਤੇ ਹੋਰਡਿੰਗ ਅਤੇ ਫਲੈਕਸ ਬੋਰਡ ਲਗਾਏ ਗਏ ਹਨ।

ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਸਮੂਹ ਨਿਵਾਸੀਆਂ ਨੂੰ ਵਧਾਈ ਦਿੱਤੀ। ਉੱਧਰ, ਆਲੇ-ਦੁਆਲੇ ਦੀਆਂ ਪੰਚਾਇਤਾਂ ਅਤੇ ਜ਼ਮੀਨ ਨਾ ਵੇਚਣ ਵਾਲੇ ਕਿਸਾਨਾਂ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।