ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ’ਤੇ ਇਤਿਹਾਸਕ ਪਲ, ਪਹਿਲੀ ਵਾਰ ਉਤਰੇ ਭਾਰਤੀ ਫ਼ੌਜ ਦੇ ਜਹਾਜ਼

ਗੁਜਰਾਤ ’ਚ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ਬਣਿਆ ਹਵਾਈ ਪੱਟੀ, ਭਾਰਤੀ ਫ਼ੌਜ ਦੇ 4 ਜਹਾਜ਼ਾਂ ਦੀ ਸਫ਼ਲ ਲੈਂਡਿੰਗ

ਸਿਵਲ ਅਤੇ ਫ਼ੌਜੀ ਤਾਲਮੇਲ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕਰਦਿਆਂ ਭਾਰਤੀ ਫ਼ੌਜ ਦੇ ਚਾਰ ਛੋਟੇ ਜਹਾਜ਼ਾਂ ਨੇ ਗੁਜਰਾਤ ਵਿੱਚ ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ (NH-754A) ’ਤੇ ਸਫ਼ਲਤਾਪੂਰਵਕ ਲੈਂਡਿੰਗ ਅਤੇ ਟੇਕ-ਆਫ ਕੀਤਾ। ਇਸ ਅਭਿਆਸ ਨੇ ਸਾਬਤ ਕੀਤਾ ਹੈ ਕਿ ਦੇਸ਼ ਦੇ ਆਧੁਨਿਕ ਕੌਮੀ ਮਾਰਗ ਸਿਰਫ਼ ਆਵਾਜਾਈ ਅਤੇ ਆਰਥਿਕ ਵਿਕਾਸ ਲਈ ਹੀ ਨਹੀਂ, ਸਗੋਂ ਲੋੜ ਪੈਣ ’ਤੇ ਫ਼ੌਜੀ ਕਾਰਵਾਈਆਂ ਲਈ ਵੀ ਵਰਤੇ ਜਾ ਸਕਦੇ ਹਨ।

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਜਹਾਜ਼ਾਂ ਦੀ ਲੈਂਡਿੰਗ ਅਤੇ ਉਡਾਣ ਭਰਨ ਦੀ ਵੀਡੀਓ ਸਾਂਝੀ ਕੀਤੀ। ਉਨ੍ਹਾਂ ਇਸ ਨੂੰ ਭਾਰਤੀ ਫ਼ੌਜ ਦੀ ਟੀਮ ਮਾਊਂਟੇਨ ਈਗਲਜ਼ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵਿਚਕਾਰ ਤਾਲਮੇਲ ਦਾ ਇਤਿਹਾਸਕ ਪ੍ਰਦਰਸ਼ਨ ਦੱਸਿਆ।

ਗਡਕਰੀ ਅਨੁਸਾਰ ਇਹ ਅਭਿਆਸ ਆਰਥਿਕ ਗਲਿਆਰੇ ਦੇ ਕਿਲੋਮੀਟਰ 946 ਤੋਂ 949 ਦੇ ਵਿਚਕਾਰ ਕੀਤਾ ਗਿਆ। ਇਸ ਦੌਰਾਨ ‘ਵਿੰਗਜ਼ ਆਫ਼ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ’ ਵਿੱਚ ਹਿੱਸਾ ਲੈ ਰਹੇ ਭਾਰਤੀ ਫ਼ੌਜ ਦੇ ਚਾਰ ਜਹਾਜ਼ਾਂ ਨੇ ਨਿਰਧਾਰਤ ਹਿੱਸੇ ’ਤੇ ਸਟੀਕ ਲੈਂਡਿੰਗ ਕੀਤੀ ਅਤੇ ਮੁੜ ਉਡਾਣ ਭਰੀ।

ਇਸ ਮੁਹਿੰਮ ਵਿੱਚ ਦੋ ਫਿਕਸਡ-ਵਿੰਗ ਮਾਈਕ੍ਰੋਲਾਈਟ ਜਹਾਜ਼ ਅਤੇ ਦੋ ਫਲੈਕਸੀਬਲ-ਵਿੰਗ ਪਾਵਰਡ ਹੈਂਗ ਗਲਾਈਡਰ ਸ਼ਾਮਲ ਸਨ। ਲੈਂਡਿੰਗ ਤੋਂ ਬਾਅਦ ਜਹਾਜ਼ਾਂ ਵਿੱਚ ਮੌਕੇ ’ਤੇ ਹੀ ਈਂਧਨ ਭਰਨ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਗਈ।

ਐਮਰਜੈਂਸੀ ਅਤੇ ਫ਼ੌਜੀ ਲੋੜਾਂ ਲਈ ਵੀ ਵਰਤੇ ਜਾ ਸਕਣਗੇ ਹਾਈਵੇਅ

ਨਿਤਿਨ ਗਡਕਰੀ ਨੇ ਕਿਹਾ ਕਿ ਇਸ ਸਫ਼ਲ ਅਭਿਆਸ ਨੇ ਦਰਸਾਇਆ ਹੈ ਕਿ ਆਧੁਨਿਕ ਕੌਮੀ ਮਾਰਗ ਦੇਸ਼ ਦੀਆਂ ਰਣਨੀਤਕ, ਫ਼ੌਜੀ ਅਤੇ ਐਮਰਜੈਂਸੀ ਲੋੜਾਂ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਅਨੁਸਾਰ ਸਰਕਾਰ ਅਜਿਹਾ ਮਜ਼ਬੂਤ ਅਤੇ ਭਵਿੱਖ ਲਈ ਤਿਆਰ ਸੜਕੀ ਨੈੱਟਵਰਕ ਵਿਕਸਤ ਕਰ ਰਹੀ ਹੈ, ਜੋ ਰਵਾਇਤੀ ਆਵਾਜਾਈ ਤੋਂ ਅੱਗੇ ਵਧ ਕੇ ਦੇਸ਼ ਦੀਆਂ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਨ ਦੀਆਂ ਲੋੜਾਂ ਵੀ ਪੂਰੀਆਂ ਕਰੇ।

ਉਨ੍ਹਾਂ ਇਹ ਵੀ ਕਿਹਾ ਕਿ ਢੁੱਕਵੇਂ ਸੁਰੱਖਿਆ ਪ੍ਰਬੰਧਾਂ ਅਤੇ ਤਾਲਮੇਲ ਨਾਲ ਕੌਮੀ ਮਾਰਗਾਂ ਦੀ ਵਰਤੋਂ ਹਵਾਬਾਜ਼ੀ ਨਾਲ ਸਬੰਧਤ ਹੋਰ ਗਤੀਵਿਧੀਆਂ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵੀ ਕੀਤੀ ਜਾ ਸਕਦੀ ਹੈ।

NHAI ਅਤੇ ਪੁਲੀਸ ਨੇ ਕੀਤੇ ਵਿਸ਼ੇਸ਼ ਪ੍ਰਬੰਧ

ਇਸ ਅਭਿਆਸ ਨੂੰ ਸਫ਼ਲ ਬਣਾਉਣ ਲਈ NHAI ਦੀਆਂ ਤਕਨੀਕੀ ਅਤੇ ਘਟਨਾ ਪ੍ਰਬੰਧਨ ਟੀਮਾਂ ਨੇ ਭਾਰਤੀ ਫ਼ੌਜ ਦੇ ਪਾਇਲਟਾਂ, ਸੂਬਾ ਪੁਲੀਸ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ। ਹਾਈਵੇਅ ਦੇ ਚੁਣੇ ਗਏ ਹਿੱਸੇ ਨੂੰ ਹਲਕੇ ਜਹਾਜ਼ਾਂ ਦੀ ਲੈਂਡਿੰਗ ਅਤੇ ਉਡਾਣ ਲਈ ਲੋੜੀਂਦੇ ਤਕਨੀਕੀ, ਜਿਓਮੈਟ੍ਰਿਕ ਅਤੇ ਸੁਰੱਖਿਆ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ।

NHAI ਦੇ ਕਰਮਚਾਰੀਆਂ ਨੇ ਹਾਈਵੇਅ ਦੀ ਸਫ਼ਾਈ, ਆਵਾਜਾਈ ਦੇ ਬਦਲਵੇਂ ਪ੍ਰਬੰਧ ਅਤੇ ਅਭਿਆਸ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਆਮ ਵਾਹਨਾਂ ਦੀ ਆਵਾਜਾਈ ਬਹਾਲ ਕਰਨ ਦੀ ਜ਼ਿੰਮੇਵਾਰੀ ਨਿਭਾਈ। ਇਸ ਨਾਲ ਹਾਈਵੇਅ ’ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਈ।

14 ਨਵੰਬਰ ਨੂੰ ਸ਼ੁਰੂ ਹੋਈ ਸੀ ਮੁਹਿੰਮ

ਭਾਰਤੀ ਫ਼ੌਜ ਦੀ ‘ਵਿੰਗਜ਼ ਆਫ਼ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ’ ਨੂੰ 14 ਨਵੰਬਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ। ਆਰਮੀ ਐਡਵੈਂਚਰ ਵਿੰਗ ਦੀ ਸਰਪ੍ਰਸਤੀ ਹੇਠ ਇਸ ਮੁਹਿੰਮ ਦਾ ਆਯੋਜਨ ਮਹੂ ਸਥਿਤ ਆਰਮੀ ਐਡਵੈਂਚਰ ਨੋਡਲ ਸੈਂਟਰ ਵੱਲੋਂ ਕੀਤਾ ਗਿਆ ਹੈ।

ਇਹ ਮੁਹਿੰਮ ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਿੱਚੋਂ ਲੰਘਣ ਤੋਂ ਬਾਅਦ 28 ਨਵੰਬਰ ਨੂੰ ਮਹੂ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਵਰਤੇ ਗਏ ਜਹਾਜ਼ਾਂ ਵਿੱਚ ਐਕਸ-ਏਅਰ ‘ਹਨੂੰਮਾਨ’, ਸਵਾਨਾ MXP 740 ਮਾਈਕ੍ਰੋਲਾਈਟ ਅਤੇ ਤਨਾਰਗ ਬਾਇਓਨਿਕਸ ਤੇ ਨੂਵਿਕਸ ਸਕਾਈਪਰ ਪਾਵਰਡ ਹੈਂਗ ਗਲਾਈਡਰ ਸ਼ਾਮਲ ਹਨ।

ਇਸ ਸਫ਼ਲ ਅਭਿਆਸ ਨੇ ਭਾਰਤੀ ਫ਼ੌਜ ਦੇ ਪਾਇਲਟਾਂ ਦੀ ਮੁਹਾਰਤ ਦੇ ਨਾਲ-ਨਾਲ ਦੇਸ਼ ਦੇ ਆਧੁਨਿਕ ਕੌਮੀ ਮਾਰਗਾਂ ਦੀ ਰਣਨੀਤਕ ਮਹੱਤਤਾ ਨੂੰ ਵੀ ਉਜਾਗਰ ਕੀਤਾ ਹੈ।