ਪੰਜਾਬੀ ਗਾਇਕ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਜ਼ਿਲ੍ਹਾ ਖੰਨਾ ਦੀ ਦੋਰਾਹਾ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੰਜਾਬੀ ਗਾਇਕ ਹਰਵੀਰ ਸੋਹਲ ਨੂੰ 5 ਕਿਲੋ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਹਰਬੀਰ ਸਿੰਘ ਉਰਫ਼ ਹਰਵੀਰ ਸੋਹਲ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਭਿੱਖੀ ਔਲਖ ਦਾ ਰਹਿਣ ਵਾਲਾ ਹੈ।

ਪੁਲਿਸ ਮੁਤਾਬਕ ਇਹ ਗ੍ਰਿਫ਼ਤਾਰੀ 7 ਮਾਰਚ 2026 ਨੂੰ ਥਾਣਾ ਦੋਰਾਹਾ ਵਿੱਚ ਦਰਜ ਕੇਸ ਨੰਬਰ 48 ਦੀ ਜਾਂਚ ਦੌਰਾਨ ਕੀਤੀ ਗਈ। ਇਸ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਅਕਸ਼ੇ ਕੁਮਾਰ ਨਾਮ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਸੀ, ਜਿਸ ਕੋਲੋਂ 570 ਗ੍ਰਾਮ ਹੈਰੋਇਨ, 10 ਗ੍ਰਾਮ ਆਈਸ ਡਰੱਗ, 30 ਜ਼ਿੰਦਾ ਕਾਰਤੂਸ ਅਤੇ ਨਕਦੀ ਬਰਾਮਦ ਹੋਈ ਸੀ। ਜਾਂਚ ਦੌਰਾਨ ਅਕਸ਼ੇ ਕੁਮਾਰ ਦੀ ਨਿਸ਼ਾਨਦੇਹੀ ’ਤੇ ਹੀ ਹਰਵੀਰ ਸੋਹਲ ਤੱਕ ਪੁਲਿਸ ਪਹੁੰਚੀ।

ਮਾਮਲੇ ਸਬੰਧੀ ਪੁਲਿਸ ਨੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 61, 85, 27ਏ ਅਤੇ 29 ਨਾਲ ਨਾਲ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਹੇਠ ਕੇਸ ਦਰਜ ਕੀਤਾ ਹੈ। ਫਿਲਹਾਲ ਪੁਲਿਸ ਮੁਲਜ਼ਮ ਤੋਂ ਗਹਿਰਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਸ ਨਸ਼ਾ ਤਸਕਰੀ ਗਿਰੋਹ ਨਾਲ ਜੁੜੇ ਹੋਰ ਲੋਕਾਂ ਅਤੇ ਲਿੰਕਾਂ ਬਾਰੇ ਜਾਣਕਾਰੀ ਮਿਲ ਸਕੇ।