ਦਿੱਲੀ ’ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਖੁਲਾਸਾ, ਛੁੱਟੀ ਕਰਵਾਉਣ ਲਈ ਵਿਦਿਆਰਥਣ ਨੇ ਰਚੀ ਸੀ ਸਾਜ਼ਿਸ਼!

ਦਿੱਲੀ ’ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਖੁਲਾਸਾ, ਛੁੱਟੀ ਕਰਵਾਉਣ ਲਈ ਵਿਦਿਆਰਥਣ ਨੇ ਭੇਜੀ ਸੀ ਈਮੇਲ

ਦਿੱਲੀ ਵਿੱਚ ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਪੁਲੀਸ ਨੇ ਵੱਡਾ ਖੁਲਾਸਾ ਕੀਤਾ ਹੈ। ਨਵੀਂ ਦਿੱਲੀ ਦੇ ਇੱਕ ਸਕੂਲ ਨੂੰ ਮਿਲੀ ਧਮਕੀ ਭਰੀ ਈਮੇਲ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸੁਨੇਹਾ ਕਿਸੇ ਬਾਹਰੀ ਵਿਅਕਤੀ ਨੇ ਨਹੀਂ, ਸਗੋਂ ਉਸੇ ਸਕੂਲ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨੇ ਕਥਿਤ ਤੌਰ ’ਤੇ ਭੇਜਿਆ ਸੀ। ਪੁਲੀਸ ਮੁਤਾਬਕ, ਵਿਦਿਆਰਥਣ ਦਾ ਮਕਸਦ ਸਕੂਲ ਵਿੱਚ ਛੁੱਟੀ ਕਰਵਾਉਣਾ ਸੀ।

ਦਿੱਲੀ ਪੁਲੀਸ ਨੇ ਸ਼ਨਿੱਚਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਅਕਤੂਬਰ ਨੂੰ ਨਵੀਂ ਦਿੱਲੀ ਦੇ ਇੱਕ ਸਕੂਲ ਨੂੰ ਬੰਬ ਰੱਖੇ ਜਾਣ ਸਬੰਧੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਸੀ। ਇਸ ਈਮੇਲ ਦੇ ਵਿਸ਼ੇ ਵਿੱਚ ਸਕੂਲ ਦੀ ਇਮਾਰਤ ਅੰਦਰ ਬੰਬ ਰੱਖੇ ਹੋਣ ਦਾ ਦਾਅਵਾ ਕੀਤਾ ਗਿਆ ਸੀ। ਧਮਕੀ ਮਿਲਣ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਨੇ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਦੀ ਜਾਂਚ ਥਾਣਾ ਸਾਇਬਰ (ਦੱਖਣੀ) ਦੀ ਟੀਮ ਨੂੰ ਸੌਂਪੀ ਗਈ। ਜਾਂਚ ਅਧਿਕਾਰੀਆਂ ਨੇ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਤਕਨੀਕੀ ਤਰੀਕਿਆਂ ਦੀ ਮਦਦ ਲਈ ਅਤੇ ਡਿਜੀਟਲ ਸਬੂਤਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ। ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਉਸ ਵਿਦਿਆਰਥਣ ਤੱਕ ਪਹੁੰਚ ਗਈ, ਜਿਸ ’ਤੇ ਇਹ ਧਮਕੀ ਭਰਿਆ ਸੁਨੇਹਾ ਭੇਜਣ ਦਾ ਸ਼ੱਕ ਸੀ।

ਪੁਲੀਸ ਅਨੁਸਾਰ, ਪੁੱਛਗਿੱਛ ਅਤੇ ਤਕਨੀਕੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਕਿ ਵਿਦਿਆਰਥਣ ਨੇ ਕਥਿਤ ਤੌਰ ’ਤੇ ਸਕੂਲ ਵਿੱਚ ਛੁੱਟੀ ਕਰਵਾਉਣ ਲਈ ਬੰਬ ਦੀ ਝੂਠੀ ਧਮਕੀ ਵਾਲੀ ਈਮੇਲ ਭੇਜੀ ਸੀ। ਉਸ ਦਾ ਮਕਸਦ ਸਕੂਲ ਪ੍ਰਸ਼ਾਸਨ ਨੂੰ ਡਰਾਉਣਾ ਅਤੇ ਉਸ ਦਿਨ ਸਕੂਲ ਦੀਆਂ ਗਤੀਵਿਧੀਆਂ ਰੁਕਵਾਉਣਾ ਸੀ।

ਦਿੱਲੀ ਪੁਲੀਸ ਨੇ ਦੱਸਿਆ ਕਿ ਡਿਜੀਟਲ ਸਬੂਤਾਂ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਵਿਦਿਆਰਥਣ ਨੂੰ ਕਾਬੂ ਕਰ ਲਿਆ ਗਿਆ ਹੈ। ਨਾਬਾਲਗ ਹੋਣ ਕਾਰਨ ਉਸ ਨਾਲ ਸਬੰਧਤ ਮਾਮਲੇ ਵਿੱਚ ਜੁਵੇਨਾਇਲ ਜਸਟਿਸ ਐਕਟ ਦੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਪੁਲੀਸ ਅਧਿਕਾਰੀਆਂ ਮੁਤਾਬਕ, ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।