ਨੂਰਪੁਰਬੇਦੀ-ਹਿਮਾਚਲ ਐਂਟਰੀ ਟੈਕਸ ਦੇ ਵਿਰੋਧ ਵਿਚ ਚੱਲ ਰਿਹਾ ਸੰਘਰਸ਼ ਹੁਣ ਹੋਰ ਤੇਜ਼ ਹੋ ਗਿਆ ਹੈ। ਇਸ ਸਬੰਧੀ ਅੱਜ ਪਿੰਡ ਮੁੰਨੇ ਵਿੱਚ ਕਿਰਤੀ ਕਿਸਾਨ ਮੋਰਚਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ 2 ਮਈ ਨੂੰ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇਅ ’ਤੇ ਮੋੜਾ ਟੋਲ ਪਲਾਜ਼ਾ ਨੂੰ ਹਿਮਾਚਲ ਜਾਣ ਵਾਲੀਆਂ ਗੱਡੀਆਂ ਲਈ ਮੁਫ਼ਤ ਕਰ ਦਿੱਤਾ ਜਾਵੇਗਾ। ਇਸ ਅੰਦੋਲਨ ਨੂੰ “ਹੱਲਾ ਬੋਲ ਸੰਘਰਸ਼” ਦਾ ਨਾਮ ਦਿੱਤਾ ਗਿਆ ਹੈ। ਕਮੇਟੀ ਦਾ ਮੰਨਣਾ ਹੈ ਕਿ ਇੱਕ ਹੀ ਨੈਸ਼ਨਲ ਹਾਈਵੇਅ ’ਤੇ ਦੋ ਟੋਲ ਲਗਾਉਣਾ ਗਲਤ ਹੈ ਅਤੇ ਇਸ ਦੇ ਵਿਰੋਧ ਵਜੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਨੂੰ ਮੰਚ ਤੋਂ ਬੋਲਣ ਦੀ ਇਜਾਜ਼ਤ ਨਹੀਂ ਹੋਵੇਗੀ, ਹਾਲਾਂਕਿ ਉਹ ਧਰਨੇ ਵਿੱਚ ਸ਼ਾਮਲ ਹੋ ਸਕਦੇ ਹਨ। ਪ੍ਰਸ਼ਾਸਨ ਨਾਲ ਗੱਲਬਾਤ ਲਈ 11 ਮੈਂਬਰੀ ਅਨੁਸ਼ਾਸਨ ਕਮੇਟੀ ਬਣਾਈ ਗਈ ਹੈ ਅਤੇ ਇਹ ਤੈਅ ਕੀਤਾ ਗਿਆ ਹੈ ਕਿ ਸਾਰੇ ਫ਼ੈਸਲੇ ਸਾਂਝੇ ਤੌਰ ’ਤੇ ਲਾਗੂ ਕੀਤੇ ਜਾਣਗੇ। ਹਿਮਾਚਲ ਨਾਲ ਲੱਗਦੇ ਪੰਜਾਬ ਦੇ 33 ਐਂਟਰੀ ਪੁਆਇੰਟਾਂ ਨੂੰ ਲੈ ਕੇ ਅਗਲੇ ਕਦਮ ਦਾ ਐਲਾਨ ਵੀ 2 ਮਈ ਦੀ ਸ਼ਾਮ ਨੂੰ ਮੌਕੇ ’ਤੇ ਹੀ ਕੀਤਾ ਜਾਵੇਗਾ।
ਇਸ ਮੌਕੇ ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਆਪਣੇ ਹਾਈਵੇਅ ’ਤੇ ਲੱਗੇ ਗੈਰ-ਕਾਨੂੰਨੀ ਟੋਲ ਹਟਾਉਣ ਵਿੱਚ ਅਸਫਲ ਰਹੀ ਹੈ, ਜਿਸ ਕਰਕੇ ਇਹ ਕੜਾ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰੈਸੀਪਰੋਕਲ ਟੈਕਸ ਬਾਰੇ ਅਜੇ ਤੱਕ ਕੋਈ ਸਪਸ਼ਟ ਰਵੱਈਆ ਨਹੀਂ ਦਿੱਤਾ ਗਿਆ, ਜਿਸ ਨਾਲ ਸਰਕਾਰ ਦੀ ਜਵਾਬਦੇਹੀ ਸਵਾਲਾਂ ’ਚ ਹੈ।
ਸੰਘਰਸ਼ਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ 2 ਮਈ ਨੂੰ ਮੌਕੇ ’ਤੇ ਹੀ ਹੋਰ ਵੱਡੇ ਐਲਾਨ ਕੀਤੇ ਜਾਣਗੇ ਅਤੇ ਪਿੰਡਾਂ ਤੋਂ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਪੱਕਾ ਮੋਰਚਾ ਲਗਾਉਣ ਦੀ ਤਿਆਰੀ ਵੀ ਜ਼ੋਰਾਂ ’ਤੇ ਹੈ। ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਪਾਲ ਸੈਣੀਮਾਜਰਾ ਨੇ ਕਿਹਾ ਕਿ ਇਹ ਲੜਾਈ ਕਾਨੂੰਨੀ ਤੇ ਜ਼ਮੀਨੀ ਦੋਵੇਂ ਪੱਧਰਾਂ ’ਤੇ ਲੜੀ ਜਾਵੇਗੀ ਅਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਯਾਦ ਰਹੇ ਕਿ ਹਿਮਾਚਲ ਸਰਕਾਰ ਵੱਲੋਂ ਪਹਿਲਾਂ ਵਧਾਏ ਗਏ ਐਂਟਰੀ ਟੈਕਸ ਦਾ ਵਿਰੋਧ ਹੋਣ ’ਤੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ। ਪਰ ਹੁਣ ਦੁਬਾਰਾ ਸ਼ੁਰੂ ਹੋ ਰਹੇ ਸੰਘਰਸ਼ ਨੇ ਪੰਜਾਬ ਅਤੇ ਹਿਮਾਚਲ ਦੋਵੇਂ ਸਰਕਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਮੀਟਿੰਗ ਵਿੱਚ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਰੱਖਦੇ ਹੋਏ 2 ਮਈ ਤੋਂ ਸ਼ੁਰੂ ਹੋਣ ਵਾਲੇ ਅੰਦੋਲਨ ਲਈ ਸਹਿਮਤੀ ਜਤਾਈ।






