ਪੀਐੱਫ ਕਢਵਾਉਣ ਦੇ ਨਿਯਮਾਂ ’ਚ ਰਾਹਤ: ਕਿਸ਼ਤਾਂ ’ਚ ਨਿਕਾਸੀ ’ਤੇ ਟੈਕਸ ਨਹੀਂ, ਬਾਕੀ ਰਕਮ ’ਤੇ ਮਿਲੇਗਾ ਵਿਆਜ

ਈਪੀਐੱਫਓ ਦੇ ਮੁਖੀ ਰਮੇਸ਼ ਕ੍ਰਿਸ਼ਨਾਮੂਰਤੀ ਨੇ ਕਿਹਾ ਹੈ ਕਿ ਸੇਵਾਮੁਕਤੀ ਤੋਂ ਬਾਅਦ ਕਰਮਚਾਰੀ ਭਵਿੱਖ ਨਿਧੀ (ਪੀਐੱਫ) ਵਿੱਚੋਂ ਕਿਸ਼ਤਾਂ ਦੇ ਰੂਪ ਵਿੱਚ ਕਢਵਾਈ ਜਾਣ ਵਾਲੀ ਰਕਮ ’ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਦੇ ਨਾਲ ਹੀ ਖਾਤੇ ਵਿੱਚ ਬਚੀ ਹੋਈ ਰਕਮ ’ਤੇ ਹੋਰਨਾਂ ਪੀਐੱਫ ਮੈਂਬਰਾਂ ਵਾਂਗ ਸਾਲਾਨਾ ਵਿਆਜ ਵੀ ਮਿਲਦਾ ਰਹੇਗਾ।

ਉਨ੍ਹਾਂ ਦੱਸਿਆ ਕਿ ਨਿਯਮਤ ਕਿਸ਼ਤ ਨਿਕਾਸੀ ਯੋਜਨਾ (ਐੱਸਡਬਲਿਊਪੀ) ਲਾਗੂ ਕਰਨ ਲਈ ਈਪੀਐੱਫ ਨਾਲ ਜੁੜੀ ਤਜਵੀਜ਼ ਵਿੱਚ ਸੋਧ ਕਰਨੀ ਪਵੇਗੀ ਅਤੇ ਇਸ ਵਾਸਤੇ ਆਮਦਨ ਕਰ ਕਾਨੂੰਨ ਵਿੱਚ ਵੀ ਜ਼ਰੂਰੀ ਤਬਦੀਲੀਆਂ ਕਰਨੀਆਂ ਹੋਣਗੀਆਂ। ਈਪੀਐੱਫਓ ਵੱਲੋਂ ਇਹ ਤਜਵੀਜ਼ ਕਿਰਤ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ।

ਕਿਰਤ ਮੰਤਰਾਲਾ ਆਮਦਨ ਕਰ ਕਾਨੂੰਨ ਵਿੱਚ ਸੋਧ ਦੀ ਤਜਵੀਜ਼ ਨੂੰ ਲੈ ਕੇ ਵਿੱਤ ਮੰਤਰਾਲੇ ਨਾਲ ਗੱਲਬਾਤ ਕਰ ਰਿਹਾ ਹੈ। ਕ੍ਰਿਸ਼ਨਾਮੂਰਤੀ ਨੇ ਉਮੀਦ ਜਤਾਈ ਕਿ ਬਜਟ ਪਾਸ ਹੋਣ ਤੋਂ ਬਾਅਦ ਇਹ ਯੋਜਨਾ ਪਹਿਲੀ ਅਪਰੈਲ ਤੋਂ ਲਾਗੂ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਈਪੀਐੱਫਓ ਨੇ ਪਿਛਲੇ ਹਫ਼ਤੇ ਪੀਐੱਫ ਨਿਕਾਸੀ ਦੇ ਨਿਯਮਾਂ ਵਿੱਚ ਵੱਡੀਆਂ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੀ ਸੀ। ਨਵੇਂ ਪ੍ਰਬੰਧ ਤਹਿਤ ਸੇਵਾਮੁਕਤ ਹੋਣ ਵਾਲੇ ਮੈਂਬਰ ਆਪਣੀ ਪੀਐੱਫ ਜਮ੍ਹਾਂ ਰਾਸ਼ੀ ਨਿਯਮਤ ਕਿਸ਼ਤਾਂ ਵਿੱਚ ਕਢਵਾ ਸਕਣਗੇ। ਇਸ ਤੋਂ ਇਲਾਵਾ ਖਾਤੇ ਵਿੱਚ ਲਾਜ਼ਮੀ ਘੱਟੋ-ਘੱਟ ਰਾਸ਼ੀ ਦੀ ਸੀਮਾ 25 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰ ਦਿੱਤੀ ਗਈ ਹੈ, ਜਦਕਿ ਪੂਰੀ ਰਕਮ ਕਢਵਾਉਣ ਲਈ ਉਡੀਕ ਸਮਾਂ 12 ਮਹੀਨਿਆਂ ਤੋਂ ਘਟਾ ਕੇ ਦੋ ਮਹੀਨੇ ਕਰ ਦਿੱਤਾ ਗਿਆ ਹੈ।

ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਜਦੋਂ ਲੋਕਾਂ ਨੂੰ ਇਕਮੁਸ਼ਤ ਪੀਐੱਫ ਦੀ ਰਕਮ ਮਿਲਦੀ ਹੈ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਨੂੰ ਕਿੱਥੇ ਖ਼ਰਚਿਆ ਜਾਵੇ ਜਾਂ ਕਿੱਥੇ ਨਿਵੇਸ਼ ਕੀਤਾ ਜਾਵੇ। ਕਈ ਲੋਕ ਇਹ ਪੈਸਾ ਮਿਊਚੁਅਲ ਫੰਡਾਂ ਵਿੱਚ ਲਗਾ ਦਿੰਦੇ ਹਨ, ਫਿਕਸਡ ਡਿਪਾਜ਼ਿਟ ਕਰਵਾ ਲੈਂਦੇ ਹਨ ਜਾਂ ਗੱਡੀ ਖ਼ਰੀਦ ਲੈਂਦੇ ਹਨ। ਇਸ ਤਰ੍ਹਾਂ ਕੁਝ ਸਮੇਂ ਬਾਅਦ ਪੈਸਾ ਖ਼ਤਮ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਇਸੇ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਐੱਸਡਬਲਿਊਪੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਯੋਜਨਾ ਨਾਲ ਸੇਵਾਮੁਕਤ ਮੁਲਾਜ਼ਮਾਂ ਨੂੰ ਨਿਯਮਤ ਆਮਦਨ ਮਿਲਦੀ ਰਹੇਗੀ ਅਤੇ ਪੀਐੱਫ ਦੀ ਬਾਕੀ ਰਕਮ ਵੀ ਸੁਰੱਖਿਅਤ ਰਹੇਗੀ, ਜਿਸ ਨੂੰ ਲੋੜ ਪੈਣ ’ਤੇ ਕਢਵਾਇਆ ਜਾ ਸਕੇਗਾ।