ਸਰਹੱਦੀ ਪਿੰਡ ਦੇ ਖੇਤਾਂ ’ਚੋਂ ਪਾਕਿਸਤਾਨੀ ਡਰੋਨ ਬਰਾਮਦ, ਸੁਰੱਖਿਆ ਏਜੰਸੀਆਂ ਵੱਲੋਂ ਤਲਾਸ਼ੀ ਮੁਹਿੰਮ
ਬਟਾਲਾ: ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਪੈਂਦੇ ਕੋਟਲੀ ਸੂਰਤ ਮੱਲ੍ਹੀ ਥਾਣੇ ਦੀ ਪੁਲੀਸ ਨੇ ਪਿੰਡ ਅਰਲੀਭੰਨ ਦੇ ਖੇਤਾਂ ਵਿੱਚ ਡਿੱਗਿਆ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਸਰਹੱਦੀ ਖੇਤਰ ਵਿੱਚ ਸਥਿਤ ਹੋਣ ਕਾਰਨ ਇਸ ਘਟਨਾ ਨੂੰ ਸੁਰੱਖਿਆ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਵੱਲੋਂ ਕੌਮਾਂਤਰੀ ਸਰਹੱਦ ਦੇ ਨੇੜਲੇ ਇਲਾਕਿਆਂ ਵਿੱਚ ਲਗਾਏ ਗਏ ਐਂਟੀ-ਡਰੋਨ ਉਪਕਰਨ ਦੀ ਮਦਦ ਨਾਲ ਖੇਤਾਂ ਵਿੱਚ ਡਿੱਗੇ ਇਸ ਡਰੋਨ ਦਾ ਪਤਾ ਲੱਗਿਆ। ਇਸ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਘਟਨਾ ਤੋਂ ਬਾਅਦ ਬੀਐੱਸਐੱਫ, ਬਟਾਲਾ ਪੁਲੀਸ ਅਤੇ ਖੁਫੀਆ ਵਿਭਾਗ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲਾਂਕਿ, ਹੁਣ ਤੱਕ ਡਰੋਨ ਤੋਂ ਇਲਾਵਾ ਕੋਈ ਹੋਰ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
ਇਸ ਮੌਕੇ ਡੀਐੱਸਪੀ ਦਵਿੰਦਰ ਸਿੰਘ, ਬੀਐੱਸਐੱਫ ਦੇ ਕੰਪਨੀ ਕਮਾਂਡੈਂਟ ਮਾਨ ਸਿੰਘ, ਐੱਸਐੱਚਓ ਸਤਪਾਲ ਸਿੰਘ, ਏਐੱਸਆਈ ਹਰਜੀਤ ਸਿੰਘ ਅਤੇ ਖੁਫੀਆ ਵਿਭਾਗ ਡੇਰਾ ਬਾਬਾ ਨਾਨਕ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਪੁਲੀਸ ਦੀ ਐਂਟੀ-ਡਰੋਨ ਟੀਮ ਦੇ ਜਵਾਨ ਵੀ ਮੌਜੂਦ ਸਨ।
ਪੰਜਾਬ ਪੁਲੀਸ ਨੇ ਡਰੋਨ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਮੁਹਿੰਮ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਰਾਹੀਂ ਕੋਈ ਹੋਰ ਸਾਮਾਨ ਤਾਂ ਨਹੀਂ ਭੇਜਿਆ ਗਿਆ ਸੀ।








