ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪ੍ਰਸਤਾਵਿਤ ਹਲਕਾਬੰਦੀ ਦੀ ਪ੍ਰਕਿਰਿਆ ਦੇਸ਼ ਵਿੱਚ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਲੋਕ ਸਭਾ ਵਿੱਚ ਸਾਰੇ ਰਾਜਾਂ ਦੀ ਨੁਮਾਇੰਦਗੀ ਵਧਾਏਗੀ। ਸਰਕਾਰ ਮੁਤਾਬਕ ਇਸ ਨਾਲ ‘ਇੱਕ ਵਿਅਕਤੀ, ਇੱਕ ਵੋਟ’ ਦੇ ਸੰਵਿਧਾਨਕ ਸਿਧਾਂਤ ਨੂੰ ਵੀ ਹੋਰ ਬਲ ਮਿਲੇਗਾ।
ਮੌਜੂਦਾ ਸਮੇਂ ਦੇਸ਼ ਵਿੱਚ ਇਕ ਸੰਸਦ ਮੈਂਬਰ ਔਸਤਨ 27 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਦੁਨੀਆ ਵਿੱਚ ਪ੍ਰਤੀ ਸੰਸਦ ਮੈਂਬਰ ਸਭ ਤੋਂ ਵੱਧ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਅੰਕੜਿਆਂ ਵਿੱਚੋਂ ਇਕ ਹੈ। ਪ੍ਰਸਤਾਵਿਤ ਹਲਕਾਬੰਦੀ ਤੋਂ ਬਾਅਦ ਇਹ ਗਿਣਤੀ ਘਟ ਕੇ ਔਸਤਨ 18 ਲੱਖ ਰਹਿ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਅੰਕੜਾ ਵੀ 1971 ਵਿੱਚ ਪ੍ਰਤੀ ਸੰਸਦ ਮੈਂਬਰ 10 ਲੱਖ ਲੋਕਾਂ ਦੀ ਨੁਮਾਇੰਦਗੀ ਦੇ ਮੁਕਾਬਲੇ ਵੱਧ ਹੋਵੇਗਾ।
ਪੰਜਾਬ ਵਿੱਚ 7 ਲੋਕ ਸਭਾ ਮੈਂਬਰ ਅਤੇ 59 ਵਿਧਾਇਕ ਵਧਣ ਦਾ ਅਨੁਮਾਨ
ਪ੍ਰਸਤਾਵਿਤ ਹਲਕਾਬੰਦੀ ਤਹਿਤ ਪੰਜਾਬ ਵਿੱਚ ਲੋਕ ਸਭਾ ਮੈਂਬਰਾਂ ਦੀ ਗਿਣਤੀ ਮੌਜੂਦਾ 13 ਤੋਂ ਵਧ ਕੇ 20 ਹੋ ਸਕਦੀ ਹੈ। ਇਸ ਤਰ੍ਹਾਂ ਸੂਬੇ ਨੂੰ 7 ਨਵੇਂ ਸੰਸਦੀ ਹਲਕੇ ਮਿਲਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੀਆਂ ਮੌਜੂਦਾ 117 ਸੀਟਾਂ ਵਿੱਚ 50 ਫ਼ੀਸਦੀ ਵਾਧਾ ਹੋਣ ਨਾਲ ਇਹ ਗਿਣਤੀ ਵਧ ਕੇ ਲਗਪਗ 176 ਹੋ ਸਕਦੀ ਹੈ। ਇਸ ਨਾਲ ਸੂਬੇ ਵਿੱਚ ਕਰੀਬ 59 ਨਵੇਂ ਵਿਧਾਇਕਾਂ ਦੀ ਨੁਮਾਇੰਦਗੀ ਦਾ ਰਾਹ ਖੁੱਲ੍ਹੇਗਾ। ਇਹ ਅੰਕੜੇ ਪ੍ਰਸਤਾਵਿਤ ਵਾਧੇ ’ਤੇ ਆਧਾਰਿਤ ਹਨ ਅਤੇ ਅੰਤਿਮ ਗਿਣਤੀ ਹਲਕਾਬੰਦੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਤੈਅ ਹੋਵੇਗੀ।
ਦੇਸ਼ ਵਿੱਚ 127 ਸੰਸਦੀ ਹਲਕੇ ਅਜਿਹੇ ਹਨ, ਜਿੱਥੇ ਔਸਤਨ 20 ਲੱਖ ਤੋਂ ਵੱਧ ਵੋਟਰ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇੰਨੇ ਵੱਡੇ ਹਲਕਿਆਂ ਕਾਰਨ ਸੰਸਦ ਮੈਂਬਰਾਂ ਲਈ ਹਰ ਵੋਟਰ ਤੱਕ ਪਹੁੰਚਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਲੋਕ ਸਭਾ ਦੀ ਮੌਜੂਦਾ 543 ਮੈਂਬਰਾਂ ਦੀ ਗਿਣਤੀ ਸਾਲ 1971 ਦੀ ਆਬਾਦੀ ਦੇ ਆਧਾਰ ’ਤੇ ਤੈਅ ਕੀਤੀ ਗਈ ਸੀ। ਉਸ ਸਮੇਂ ਤੋਂ ਭਾਰਤ ਦੀ ਆਬਾਦੀ ਤਿੰਨ ਗੁਣਾ ਵਧ ਕੇ 1.4 ਅਰਬ ਹੋ ਗਈ ਹੈ, ਪਰ ਕਾਨੂੰਨ ਬਣਾਉਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਹੋਇਆ।
ਰਾਸ਼ਟਰਪਤੀ ਨੇ ਹਲਕਾਬੰਦੀ ਬਿੱਲ ’ਤੇ ਵਿਚਾਰ ਕਰਨ ਦੀ ਕੀਤੀ ਸਿਫ਼ਾਰਸ਼
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਦੀ ਧਾਰਾ 117(3) ਤਹਿਤ ਲੋਕ ਸਭਾ ਨੂੰ ਹਲਕਾਬੰਦੀ (ਦੂਜਾ) ਬਿੱਲ, 2026 ’ਤੇ ਵਿਚਾਰ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਨਾਲ 30 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਇਕ ਅਹਿਮ ਸੰਵਿਧਾਨਕ ਪ੍ਰਕਿਰਿਆ ਪੂਰੀ ਹੋ ਗਈ ਹੈ।
ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਰਾਸ਼ਟਰਪਤੀ ਨੇ ਇਹ ਸਿਫ਼ਾਰਸ਼ ਕਾਨੂੰਨ ਤੇ ਨਿਆਂ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ (ਆਜ਼ਾਦ ਚਾਰਜ) ਅਰਜੁਨ ਰਾਮ ਮੇਘਵਾਲ ਵੱਲੋਂ 27 ਨਵੰਬਰ ਨੂੰ ਲੋਕ ਸਭਾ ਦੇ ਸਕੱਤਰ-ਜਨਰਲ ਨੂੰ ਭੇਜੇ ਗਏ ਪੱਤਰ ਤੋਂ ਬਾਅਦ ਕੀਤੀ ਹੈ।








