ਕਪੂਰਥਲਾ ’ਚ ਆਵਾਰਾ ਕੁੱਤੇ ਦਾ ਕਹਿਰ, 6 ਬੱਚਿਆਂ ਸਮੇਤ 15 ਲੋਕ ਜ਼ਖ਼ਮੀ
ਕਪੂਰਥਲਾ ਵਿੱਚ ਮਾਰਕਫੈੱਡ ਨੇੜਲੇ ਇਲਾਕਿਆਂ ਵਿੱਚ ਇੱਕ ਆਵਾਰਾ ਕੁੱਤੇ ਵੱਲੋਂ ਲੋਕਾਂ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਤੇ ਨੇ 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਹਮਲੇ ਵਿੱਚ ਜ਼ਖ਼ਮੀ ਹੋਏ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਮਾਰਕਫੈੱਡ ਦੇ ਆਸ-ਪਾਸ ਸਥਿਤ ਮੁਹੱਲਿਆਂ ਵਿੱਚ ਕੁੱਤੇ ਨੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਹਮਲੇ ਵਿੱਚ ਜ਼ਖ਼ਮੀ ਹੋਣ ਵਾਲਿਆਂ ਵਿੱਚ 3 ਸਾਲਾ ਵਰੁਣਜੋਤ, 4 ਸਾਲਾ ਸੱਤਿਅਮ, 8 ਸਾਲਾ ਅਭੀਨੂਰ ਸਿੰਘ, 3 ਸਾਲਾ ਰੇਹੂ ਕੁਮਾਰੀ ਅਤੇ 9 ਸਾਲਾ ਮੋਨੂੰ ਕੁਮਾਰ ਸਮੇਤ ਰੀਨਾ ਦੇਵੀ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਰਾਜਿੰਦਰ ਕੌਰ, ਸੰਜੀਵ ਕੁਮਾਰ, ਧਰਮਿੰਦਰ ਕੁਮਾਰ, ਅਰਵਿੰਦਰ ਮਾਥੋ, ਰਾਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਰਾਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ, ਰਾਜਵਿੰਦਰ ਕੌਰ ਅਤੇ ਮੁੱਤੀ ਦੇਵੀ ਵੀ ਕੁੱਤੇ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਹਨ।
ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਜ਼ਰੂਰੀ ਹਨ, ਤਾਂ ਜੋ ਭਵਿੱਖ ਵਿੱਚ ਕਿਸੇ ਨੂੰ ਗੰਭੀਰ ਨੁਕਸਾਨ ਨਾ ਹੋਵੇ।
ਨਗਰ ਨਿਗਮ ਦੇ ਐਸ.ਓ. ਤਰਲੋਚਨ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਜਾਣਕਾਰੀ ਉਨ੍ਹਾਂ ਦੇ ਧਿਆਨ ਵਿੱਚ ਆ ਗਈ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਕੁੱਤੇ ਨੂੰ ਕਾਬੂ ਕਰਨ ਲਈ ਨਗਰ ਨਿਗਮ ਦੀ ਟੀਮ ਨੂੰ ਮੌਕੇ ’ਤੇ ਭੇਜ ਦਿੱਤਾ ਗਿਆ ਹੈ।







