ਪੁਲੀਸ ਮੁਕਾਬਲੇ ’ਚ ਮਾਰਿਆ ਗਿਆ ਏਐੱਸਆਈ ਜਸਵੰਤ ਸਿੰਘ ’ਤੇ ਹਮਲੇ ਦਾ ਮੁਲਜ਼ਮ

ਏਐੱਸਆਈ ਜਸਵੰਤ ਸਿੰਘ ’ਤੇ ਗੋਲੀ ਚਲਾਉਣ ਵਾਲਾ 19 ਸਾਲਾ ਕਰਨਬੀਰ ਸਿੰਘ ਪੁਲੀਸ ਮੁਕਾਬਲੇ ’ਚ ਹਲਾਕ

ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਕੰਦੋਵਾਲੀ ਨੇੜੇ ਪੁਲੀਸ ਅਤੇ ਇੱਕ ਨੌਜਵਾਨ ਵਿਚਾਲੇ ਮੁਕਾਬਲੇ ਦੀ ਘਟਨਾ ਸਾਹਮਣੇ ਆਈ ਹੈ। ਪੁਲੀਸ ਮੁਤਾਬਕ ਏਐੱਸਆਈ ਜਸਵੰਤ ਸਿੰਘ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਲੋੜੀਂਦਾ 19 ਸਾਲਾ ਕਰਨਬੀਰ ਸਿੰਘ ਉਰਫ਼ ਕਰਮਵੀਰ ਇਸ ਮੁਕਾਬਲੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਬਾਅਦ ਵਿੱਚ ਸਿਵਲ ਹਸਪਤਾਲ ਅਜਨਾਲਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ।

ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ ਝੰਡੇਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਰਾਜਾਸਾਂਸੀ ਥਾਣੇ ਅਧੀਨ ਆਉਂਦੇ ਪਿੰਡ ਝੰਜੋਟੀ ਦਾ ਰਹਿਣ ਵਾਲਾ ਕਰਨਬੀਰ ਸਿੰਘ ਇਲਾਕੇ ਵਿੱਚ ਘੁੰਮ ਰਿਹਾ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹੈ। ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਕੰਦੋਵਾਲੀ ਨੇੜੇ ਨਾਕਾਬੰਦੀ ਕਰਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।

ਪੁਲੀਸ ਅਨੁਸਾਰ ਕਰਨਬੀਰ ਸਿੰਘ ਨੂੰ ਮੋਟਰਸਾਈਕਲ ’ਤੇ ਆਉਂਦਾ ਦੇਖ ਕੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਇੱਕ ਪੁਲੀਸ ਕਰਮਚਾਰੀ ਦੇ ਜ਼ਖ਼ਮੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਪੰਜ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਕਰਨਬੀਰ ਸਿੰਘ ਦੀ ਲੱਤ ਅਤੇ ਛਾਤੀ ਵਿੱਚ ਲੱਗਣ ਦੀ ਜਾਣਕਾਰੀ ਹੈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਅਜਨਾਲਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲੀਸ ਰਿਕਾਰਡ ਮੁਤਾਬਕ ਕਰਨਬੀਰ ਸਿੰਘ ਪਹਿਲਾਂ ਵੀ ਏਐੱਸਆਈ ਜਸਵੰਤ ਸਿੰਘ ਨਾਲ ਸਬੰਧਤ ਗੋਲੀਬਾਰੀ ਦੇ ਮਾਮਲੇ ਵਿੱਚ ਰਾਜਾਸਾਂਸੀ ਥਾਣੇ ਵਿੱਚ ਦਰਜ ਕੇਸ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਮਜੀਠਾ ਇਲਾਕੇ ਵਿੱਚ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ, ਜਿਸ ਦੌਰਾਨ ਉਹ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ। ਇਸ ਸਬੰਧੀ ਮਜੀਠਾ ਥਾਣੇ ਵਿੱਚ ਵੱਖਰੀ ਐੱਫਆਈਆਰ ਦਰਜ ਕੀਤੀ ਗਈ ਸੀ।

ਇਸ ਤੋਂ ਇਲਾਵਾ ਪੁਲੀਸ ਅਨੁਸਾਰ ਕਰਨਬੀਰ ਸਿੰਘ ਦਾ ਨਾਮ ਸਾਲ 2025 ਵਿੱਚ ਘਰਿੰਡਾ ਥਾਣੇ ਵਿੱਚ ਦਰਜ ਇੱਕ ਹੋਰ ਐੱਫਆਈਆਰ ਵਿੱਚ ਵੀ ਸਾਹਮਣੇ ਆਇਆ ਸੀ। ਉਸ ਮਾਮਲੇ ਵਿੱਚ ਉਸ ਨੂੰ ਨਾਬਾਲਗ ਵਜੋਂ ਪੇਸ਼ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ।

ਪੁਲੀਸ ਨੇ ਦਾਅਵਾ ਕੀਤਾ ਹੈ ਕਿ ਮੁਕਾਬਲੇ ਵਾਲੀ ਥਾਂ ਤੋਂ ਇੱਕ ਗਲੌਕ 9 ਐੱਮਐੱਮ ਪਿਸਤੌਲ, ਇੱਕ 30-ਬੋਰ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਆਈਜੀ ਭੁੱਲਰ ਨੇ ਕਿਹਾ ਕਿ ਘਟਨਾ ਦੇ ਪੂਰੇ ਘਟਨਾਕ੍ਰਮ ਅਤੇ ਕਰਨਬੀਰ ਸਿੰਘ ਦੀ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸੰਭਾਵਿਤ ਸ਼ਮੂਲੀਅਤ ਸਬੰਧੀ ਜਾਂਚ ਜਾਰੀ ਹੈ