Shimla Police Action: ਪੰਜਾਬ ਤੇ ਚੰਡੀਗੜ੍ਹ ਤੋਂ ਦੋ ਕਥਿਤ ਅੰਤਰਰਾਜੀ ਨਸ਼ਾ ਸਪਲਾਇਰ ਕਾਬੂ
ਸ਼ਿਮਲਾ: ਸ਼ਿਮਲਾ ਪੁਲੀਸ ਨੇ ਚਿੱਟੇ (ਹੈਰੋਇਨ) ਦੀ ਕਥਿਤ ਸਪਲਾਈ ਨਾਲ ਜੁੜੇ ਦੋ ਪ੍ਰਮੁੱਖ ਅੰਤਰਰਾਜੀ ਸਪਲਾਇਰਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਚੰਡੀਗੜ੍ਹ ਦਾ ਇੱਕ ਸਹਿਕਾਰੀ ਬੈਂਕ ਕਰਮਚਾਰੀ ਵੀ ਸ਼ਾਮਲ ਹੈ।
ਇੱਕ ਪ੍ਰੈੱਸ ਕਾਨਫਰੰਸ ਦੌਰਾਨ ਏਐੱਸਪੀ ਸ਼ਿਮਲਾ (ਸ਼ਹਿਰੀ) ਮੇਹਰ ਪਨਵਰ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਪੁਲੀਸ ਨੇ 8 ਸਤੰਬਰ 2026 ਨੂੰ ਕ੍ਰਿਸ਼ਨਾ ਨਗਰ ਖੇਤਰ ਦੇ ਰਹਿਣ ਵਾਲੇ ਸਨਮਜੀਤ (25) ਅਤੇ ਸੁਮਪਤ ਸਪਰਾ (22) ਨੂੰ 5 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਸੀ। ਦੋਵਾਂ ਖ਼ਿਲਾਫ਼ ਐੱਨਡੀਪੀਐੱਸ ਐਕਟ, 1985 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪੁਲੀਸ ਅਨੁਸਾਰ ਪੁੱਛਗਿੱਛ ਦੌਰਾਨ ਦੋਵਾਂ ਦੇ ਪਿਛਲੇ ਸੰਪਰਕਾਂ ਬਾਰੇ ਜਾਣਕਾਰੀ ਮਿਲੀ, ਜਿਸ ਦੇ ਆਧਾਰ ’ਤੇ ਜਾਂਚ ਮਨੀਮਾਜਰਾ, ਚੰਡੀਗੜ੍ਹ ਦੇ ਰਹਿਣ ਵਾਲੇ ਗੌਰਵ ਤਿਸ਼ਾਵਰ (31) ਤੱਕ ਪਹੁੰਚੀ। ਪੁਲੀਸ ਦਾ ਦਾਅਵਾ ਹੈ ਕਿ ਗੌਰਵ ਇੱਕ ਸਹਿਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ, ਪਰ ਇਸ ਦੇ ਨਾਲ ਨਸ਼ੀਲੇ ਪਦਾਰਥਾਂ ਦੀ ਕਥਿਤ ਸਪਲਾਈ ਵੀ ਕਰ ਰਿਹਾ ਸੀ ਅਤੇ ਉਸ ਨੇ ਦੋਵਾਂ ਮੁਲਜ਼ਮਾਂ ਨੂੰ ਚਿੱਟਾ ਮੁਹੱਈਆ ਕਰਵਾਇਆ।
ਏਐੱਸਪੀ ਮੁਤਾਬਕ ਪੁਲੀਸ ਟੀਮ ਨੇ ਮਨੀਮਾਜਰਾ ਸਥਿਤ ਗੌਰਵ ਦੇ ਘਰ ਛਾਪਾ ਮਾਰ ਕੇ ਉਸ ਨੂੰ 9.31 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ।
ਫਾਜ਼ਿਲਕਾ ਤੋਂ ਵੀ ਮੁੱਖ ਸਪਲਾਇਰ ਕਾਬੂ
ਦੂਜੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਮੇਹਰ ਪਨਵਰ ਨੇ ਦੱਸਿਆ ਕਿ 28 ਅਗਸਤ 2026 ਨੂੰ ਢੱਲੀ ਵਿੱਚ ਦਰਜ ਮਾਮਲੇ ਵਿੱਚ ਪੁਲੀਸ ਨੇ ਦੁਸ਼ਯੰਤ ਵਰਮਾ (25), ਵਾਸੀ ਸੁੰਨੀ, ਸ਼ਿਮਲਾ ਅਤੇ ਅਕਸ਼ੈ ਸ਼ਰਮਾ (24), ਵਾਸੀ ਆਨੀ, ਕੁੱਲੂ ਨੂੰ 6.5 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਪੁਲੀਸ ਮੁਤਾਬਕ, ਜਾਂਚ ਦੌਰਾਨ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਅਜੈ ਕੁਮਾਰ (24) ਦਾ ਨਾਮ ਸਾਹਮਣੇ ਆਇਆ। ਪੁਲੀਸ ਦਾ ਦਾਅਵਾ ਹੈ ਕਿ ਅਜੈ ਇਸ ਮਾਮਲੇ ਵਿੱਚ ਨਸ਼ੇ ਦਾ ਮੁੱਖ ਸਪਲਾਇਰ ਸੀ ਅਤੇ ਉਸ ਨੇ ਮੁਹਾਲੀ ਵਿੱਚ ਅਕਸ਼ੈ ਸ਼ਰਮਾ ਨੂੰ ਚਿੱਟਾ ਸਪਲਾਈ ਕੀਤਾ ਸੀ।
ਜਾਂਚ ਦੌਰਾਨ ਪੁਲੀਸ ਨੂੰ ਦੋਵਾਂ ਵਿਚਕਾਰ 10,500 ਰੁਪਏ ਦੇ ਵਿੱਤੀ ਲੈਣ-ਦੇਣ ਦੇ ਰਿਕਾਰਡ ਮਿਲਣ ਦੀ ਗੱਲ ਵੀ ਕਹੀ ਗਈ ਹੈ। ਇਸ ਤੋਂ ਇਲਾਵਾ, ਫ਼ੋਨ ਕਾਲਾਂ ਦੇ ਵੇਰਵਿਆਂ ਦੀ ਜਾਂਚ ਵਿੱਚ ਵੀ ਦੋਵਾਂ ਵਿਚਕਾਰ ਸੰਪਰਕ ਅਤੇ ਕਥਿਤ ਨਸ਼ਾ ਸਪਲਾਈ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਤੋਂ ਬਾਅਦ ਸ਼ਿਮਲਾ ਪੁਲੀਸ ਦੀ ਟੀਮ ਫਾਜ਼ਿਲਕਾ ਪਹੁੰਚੀ ਅਤੇ ਪਿੰਡ ਮੋਜੇਵਾਲਾ ਤੋਂ ਅਜੈ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲੀਸ ਅਨੁਸਾਰ ਦੋਵੇਂ ਮਾਮਲਿਆਂ ਵਿੱਚ ਨਸ਼ੇ ਦੀ ਸਪਲਾਈ ਦੇ ਨੈੱਟਵਰਕ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਂਚ ਅਜੇ ਜਾਰੀ ਹੈ।







