ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਮਾਮਲੇ ‘ਚ ਦਿੱਲੀ ਹਾਈ ਕੋਰਟ ਦਾ ਵੱਡਾ ਫ਼ੈਸਲਾ

ਗੁਰਬਾਣੀ ਪ੍ਰਸਾਰਣ ਮਾਮਲਾ: ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਉਸ ਅਰਜ਼ੀ ’ਤੇ ਕੋਈ ਤੁਰੰਤ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਇੱਕ ਨਿੱਜੀ ਟੀਵੀ ਚੈਨਲ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ।

ਜਸਟਿਸ ਅਨੁਪ ਜੇ. ਭੰਭਾਨੀ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਐਸਜੀਪੀਸੀ ਨੇ ਦਲੀਲ ਦਿੱਤੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਅਧਿਕਾਰ ਉਸ ਕੋਲ ਹਨ ਅਤੇ ਇਹ ਪ੍ਰਸਾਰਣ ਉਸਦੇ ਅਧਿਕਾਰਤ ਯੂਟਿਊਬ ਚੈਨਲ ਅਤੇ ਇੱਕ ਟੀਵੀ ਚੈਨਲ ਰਾਹੀਂ ਕੀਤਾ ਜਾਂਦਾ ਹੈ। ਕਮੇਟੀ ਦਾ ਦੋਸ਼ ਸੀ ਕਿ ਗਲੈਕਟਿਕ ਟੈਲੀਵਿਜ਼ਨ ਨਾਮਕ ਨਿੱਜੀ ਚੈਨਲ ਬਿਨਾਂ ਮਨਜ਼ੂਰੀ ਕੁਝ ਸਕਿੰਟਾਂ ਦੀ ਦੇਰੀ ਨਾਲ ਗੁਰਬਾਣੀ ਦਾ ਪ੍ਰਸਾਰ ਕਰ ਰਿਹਾ ਹੈ, ਜਿਸ ਨਾਲ ਉਸਦੇ ਪ੍ਰਸਾਰਣ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ।

ਮਾਮਲੇ ’ਤੇ ਵਿਚਾਰ ਕਰਦਿਆਂ ਅਦਾਲਤ ਨੇ ਕਿਹਾ ਕਿ ਗੁਰਬਾਣੀ ਇੱਕ ਸਾਹਿਤਕ ਅਤੇ ਸੰਗੀਤਕ ਰਚਨਾ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਰਾਗਾਂ ਵਿੱਚ ਗਾਇਆ ਜਾਂਦਾ ਹੈ। ਅਦਾਲਤ ਨੇ ਕਾਪੀਰਾਈਟ ਐਕਟ ਦੀ ਧਾਰਾ 52(1)(za) ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਕਿਸੇ ਧਾਰਮਿਕ ਸਮਾਰੋਹ ਦੌਰਾਨ ਅਜਿਹੀ ਰਚਨਾ ਦੀ ਪੇਸ਼ਕਾਰੀ ਨੂੰ ਕਾਪੀਰਾਈਟ ਦੀ ਉਲੰਘਣਾ ਨਹੀਂ ਮੰਨਿਆ ਜਾਂਦਾ।

ਉੱਧਰ, ਨਿੱਜੀ ਚੈਨਲ ਵੱਲੋਂ ਪੇਸ਼ ਸੀਨੀਅਰ ਵਕੀਲ ਨੇ ਦਲੀਲ ਦਿੱਤੀ ਕਿ ਚੈਨਲ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਤੋਂ ਕੋਈ ਵਪਾਰਕ ਲਾਭ ਨਹੀਂ ਕਮਾਇਆ ਜਾ ਰਿਹਾ, ਇਸ ਲਈ ਕਾਪੀਰਾਈਟ ਉਲੰਘਣਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਅਦਾਲਤ ਨੇ ਗਲੈਕਟਿਕ ਟੈਲੀਵਿਜ਼ਨ ਨੂੰ ਐਸਜੀਪੀਸੀ ਦੀ ਅਰਜ਼ੀ ਦਾ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਲਈ ਨਿਰਧਾਰਤ ਕੀਤੀ ਹੈ।