ਪੰਜਾਬ ਸਟੇਟ ਐਵਾਰਡ: 27 ਨਾਮਵਰ ਸ਼ਖ਼ਸੀਅਤਾਂ ਦਾ ਮੁੱਖ ਮੰਤਰੀ ਵੱਲੋਂ ਸਨਮਾਨ

ਫ਼ਿਰੋਜ਼ਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਦੌਰਾਨ ਫ਼ਿਰੋਜ਼ਪੁਰ ਵਿਖੇ ਕੌਮੀ ਝੰਡਾ ਲਹਿਰਾਉਣਗੇ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 27 ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’ (ਸਟੇਟ ਐਵਾਰਡ) ਨਾਲ ਸਨਮਾਨਿਤ ਕੀਤਾ ਜਾਵੇਗਾ।

ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਘਾ ਦੇ ਜਗਦੇਵ ਸਿੰਘ ਨੂੰ ਬਹਾਦਰੀ ਲਈ ਸਨਮਾਨ ਦਿੱਤਾ ਜਾਵੇਗਾ। ਜਦਕਿ ਪੇਸ਼ੇਵਰ ਮਾਹਰਤਾ ਦੇ ਖੇਤਰ ਵਿੱਚ ਜ਼ੀਰਕਪੁਰ ਨਗਰ ਕੌਂਸਲ ਦੇ ਸੀਵਰਮੈਨ ਅਸ਼ੋਕ ਕੁਮਾਰ, ਅੰਮ੍ਰਿਤਸਰ ਨਿਗਮ ਦੀ ਸਫ਼ਾਈ ਕਰਮਚਾਰੀ ਕਾਂਤਾ, ਲੁਧਿਆਣਾ ਦੇ ਪਿੰਡ ਖਾਸੀ ਕਲਾਂ ਦੇ ਕਮਲਜੀਤ ਸਿੰਘ ਅਤੇ ਡਾ. ਪਰਮਿੰਦਰ ਸਿੰਘ (ਅੰਮ੍ਰਿਤਸਰ) ਨੂੰ ਇਹ ਵਿਸ਼ੇਸ਼ ਸਨਮਾਨ ਮਿਲੇਗਾ।

ਸਮਾਜ ਸੇਵਾ ਦੇ ਖੇਤਰ ਵਿੱਚ 12 ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਜਾਵੇਗਾ। ਇਨ੍ਹਾਂ ਵਿੱਚ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮਾਨ, ਇੰਦਰਜੀਤ ਸਿੰਘ, ਸੁਰਿੰਦਰ ਜਗਤ, ਸੁਨੀਤਾ ਕਪੂਰ, ਸੁਖਦੀਪ ਸਿੰਘ ਢਿੱਲੋਂ, ਡਾ. ਉਪਿੰਦਰ ਸਿੰਘ ਘਈ, ਜਸਵੀਰ ਸਿੰਘ, ਜਤਿੰਦਰ ਸਿੰਘ, ਵਿਨੋਦ ਕੁਮਾਰ, ਅਵਤਾਰ ਸਿੰਘ, ਪ੍ਰਦੀਪ ਕੁਮਾਰ ਅਤੇ ਨਿਰਮਲ ਸਿੰਘ ਦੇ ਨਾਮ ਸ਼ਾਮਲ ਹਨ।

ਸਾਹਿਤ ਖੇਤਰ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਮੇਹਰ ਮਲਿਕ, ਬੇਅੰਤ ਸਿੰਘ ਬਾਜਵਾ, ਬਾਜ ਸਿੰਘ, ਡਾ. ਮੁਹੰਮਦ ਅੱਯੂਬ ਖ਼ਾਨ, ਪ੍ਰੇਮ ਲਤਾ ਅਤੇ ਸੰਜੀਵ ਸੈਣੀ ਨੂੰ ਵੀ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਲਾ ਖੇਤਰ ਵਿੱਚ ਸਤਵੀਰ ਕੌਰ ਅਤੇ ਪਰਮਜੀਤ ਕੌਰ, ਜਦਕਿ ਸਾਇੰਸ ਅਤੇ ਤਕਨਾਲੋਜੀ ਖੇਤਰ ਵਿੱਚ ਤਲਵਿੰਦਰ ਸਿੰਘ ਅਤੇ ਸੁਖਰਾਜ ਭੁੱਲਰ ਨੂੰ ਸਟੇਟ ਐਵਾਰਡ ਪ੍ਰਦਾਨ ਕੀਤਾ ਜਾਵੇਗਾ।

ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਮਾਗਮ ਦੌਰਾਨ ਗੋਲਡ ਪਾਲਿਸ਼ਡ ਮੈਡਲ, ਸ਼ਾਲ ਅਤੇ ਪ੍ਰਮਾਣ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਜਾਵੇਗਾ।