ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਵਲ ਡਿਫੈਂਸ ਪ੍ਰਬੰਧਾਂ ਦੀ ਤਿਆਰੀ ਨੂੰ ਪਰਖਣ ਲਈ 27 ਨਵੰਬਰ 2026 ਨੂੰ ਰਾਤ 8 ਵਜੇ ਸਾਰੇ ਜ਼ਿਲ੍ਹਿਆਂ ਵਿੱਚ ਏਅਰ ਰੇਡ ਅਤੇ ਬਲੈਕਆਊਟ ਸਬੰਧੀ ਮੌਕ ਡ੍ਰਿਲ ਕਰਵਾਈ ਜਾਵੇਗੀ। ਇਸ ਅਭਿਆਸ ਦਾ ਮੁੱਖ ਮਕਸਦ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਸੂਬੇ ਦੀ ਤਿਆਰੀ ਦਾ ਜਾਇਜ਼ਾ ਲੈਣਾ ਅਤੇ ਲੋੜੀਂਦੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਸਰਕਾਰੀ ਬੁਲਾਰੇ ਮੁਤਾਬਕ ਮੌਕ ਡ੍ਰਿਲ ਦੀ ਸ਼ੁਰੂਆਤ ਏਅਰ ਰੇਡ ਵਾਰਨਿੰਗ ਸਿਗਨਲ ਨਾਲ ਹੋਵੇਗੀ। ਇਸ ਦੌਰਾਨ ਦੋ ਮਿੰਟ ਲਈ ਹਾਈ-ਲੋ ਪਿਚ ਵਾਲਾ ਸਾਇਰਨ ਵਜਾਇਆ ਜਾਵੇਗਾ। ਇਸ ਤੋਂ ਬਾਅਦ ਸਬੰਧਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਨਿਰਧਾਰਤ ਮੌਕ ਡ੍ਰਿਲ ਵਾਲੇ ਖੇਤਰਾਂ ਵਿੱਚ ਬਲੈਕਆਊਟ ਲਾਗੂ ਕੀਤਾ ਜਾਵੇਗਾ।
ਬਲੈਕਆਊਟ ਦੌਰਾਨ ਲੋਕਾਂ ਨੂੰ ਨਿਰਧਾਰਤ ਇਲਾਕਿਆਂ ਵਿੱਚ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਲਈ ਕਿਹਾ ਜਾਵੇਗਾ। ਹਾਲਾਂਕਿ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਮੌਕ ਡ੍ਰਿਲ ਦੇ ਸਮਾਪਤ ਹੋਣ ’ਤੇ ਦੋ ਮਿੰਟ ਲਈ ਤੇਜ਼ ਆਵਾਜ਼ ਵਾਲਾ ਸਾਇਰਨ ਵਜਾ ਕੇ “ਆਲ ਕਲੀਅਰ” ਦਾ ਸੰਕੇਤ ਦਿੱਤਾ ਜਾਵੇਗਾ।
ਇਸ ਅਭਿਆਸ ਦੌਰਾਨ ਫਾਇਰ ਰਿਸਪਾਂਸ, ਖੋਜ ਅਤੇ ਬਚਾਅ ਕਾਰਜ, ਮੁੱਢਲੀ ਸਹਾਇਤਾ, ਜ਼ਖ਼ਮੀ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਅਤੇ ਟ੍ਰੈਫਿਕ ਤੇ ਭੀੜ ਨੂੰ ਕੰਟਰੋਲ ਕਰਨ ਵਰਗੀਆਂ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ। ਇਨ੍ਹਾਂ ਰਾਹੀਂ ਸਿਵਲ ਡਿਫੈਂਸ ਨਾਲ ਜੁੜੀਆਂ ਰਿਸਪਾਂਸ ਪ੍ਰਣਾਲੀਆਂ ਅਤੇ ਐਮਰਜੈਂਸੀ ਤਿਆਰੀਆਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਜਾਵੇਗਾ।
ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੌਕ ਡ੍ਰਿਲ ਦੌਰਾਨ ਘਬਰਾਉਣ ਦੀ ਲੋੜ ਨਹੀਂ ਹੈ। ਲੋਕ ਸ਼ਾਂਤ ਰਹਿਣ, ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨਾਲ ਸਹਿਯੋਗ ਕਰਨ ਅਤੇ ਡ੍ਰਿਲ ਦੌਰਾਨ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਵਲ ਡਿਫੈਂਸ ਦੀ ਤਿਆਰੀ ਨੂੰ ਪਰਖਣ ਲਈ ਇੱਕ ਰੁਟੀਨ ਅਭਿਆਸ ਹੈ।







