ਨਹਿਰਾਂ ਦੀ ਮੁੜ ਖੋਜ: ਤਰਨ ਤਾਰਨ ਦੇ ਕਿਸਾਨਾਂ ਲਈ ਰਾਹਤ ਦੀ ਕਿਰਨ

Punjab Canal Revival: ਤਰਨ ਤਾਰਨ ਵਿੱਚ ਗੁੰਮ ਹੋਈਆਂ ਨਹਿਰਾਂ ਦੀ ਬਹਾਲੀ ਨਾਲ ਜਾਗੀ ਸਿੰਚਾਈ ਦੀ ਨਵੀਂ ਉਮੀਦ

ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਉਹਨਾਂ ਪਿੰਡਾਂ ਲਈ ਨਹਿਰੀ ਪਾਣੀ ਦੀ ਵਿਵਸਥਾ ਲੱਭਦਿਆਂ ਇੱਕ ਅਹਿਮ ਸਫਲਤਾ ਮਿਲੀ ਹੈ, ਜਿੱਥੇ ਕਿਸਾਨ ਲੰਬੇ ਸਮੇਂ ਤੋਂ ਸਿੰਚਾਈ ਲਈ ਨਹਿਰੀ ਪਾਣੀ ਤੋਂ ਵਾਂਝੇ ਸਨ। ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਦੌਰਾਨ ਇੱਕ ਰਜਵਾਹਾ ਅਤੇ ਦੋ ਮਾਈਨਰਾਂ ਦੇ ਅਜਿਹੇ ਨਿਸ਼ਾਨ ਮਿਲੇ ਹਨ, ਜਿਨ੍ਹਾਂ ਦਾ ਮੌਕੇ ’ਤੇ ਕੋਈ ਅਸਰ-ਨਿਸ਼ਾਨ ਨਹੀਂ ਸੀ। ਹੁਣ ਇਨ੍ਹਾਂ ਦੀ ਮੁੜ ਖੁਦਾਈ ਅਤੇ ਬਹਾਲੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਕਰੀਬ 15 ਹਜ਼ਾਰ ਏਕੜ ਖੇਤੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਮਿਲਣ ਦੀ ਸੰਭਾਵਨਾ ਬਣ ਗਈ ਹੈ।

ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਝੋਨੇ ਦੇ ਮੌਸਮ ਦੌਰਾਨ ਉਨ੍ਹਾਂ ਪਿੰਡਾਂ ਦੀ ਪਛਾਣ ਕਰਵਾਈ ਗਈ ਸੀ ਜਿੱਥੇ ਟਿਊਬਵੈੱਲਾਂ ਕਾਰਨ ਬਿਜਲੀ ਦੀ ਖਪਤ ਬਹੁਤ ਵੱਧ ਸੀ। ਇਸ ਸਰਵੇਖਣ ਦੌਰਾਨ ਤਰਨ ਤਾਰਨ ਦੇ ਕਈ ਪਿੰਡ ਸਾਹਮਣੇ ਆਏ, ਜਿੱਥੇ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨ ਭੂਮੀਗਤ ਪਾਣੀ ’ਤੇ ਨਿਰਭਰ ਸਨ। ਜਾਂਚ ਦੌਰਾਨ ਜੋਧ ਸਿੰਘ ਰਜਵਾਹਾ, ਭੁੰਗਾਲਾ ਮਾਈਨਰ ਅਤੇ ਗੱਜਲ ਮਾਈਨਰ ਦੇ ਪੁਰਾਣੇ ਰਿਕਾਰਡ ਸਾਹਮਣੇ ਆਏ, ਪਰ ਮੌਕੇ ’ਤੇ ਇਹ ਢਾਂਚੇ ਲਗਭਗ ਗਾਇਬ ਮਿਲੇ।

ਵਿਭਾਗੀ ਰਿਕਾਰਡਾਂ ਅਨੁਸਾਰ ਸਾਲ 2002 ਵਿੱਚ ਕਸੂਰ ਬਰਾਂਚ ਤੋਂ ਜੋਧ ਸਿੰਘ ਰਜਵਾਹੇ ਦੀ ਉਸਾਰੀ ਲਈ ਜ਼ਮੀਨ ਐਕੁਆਇਰ ਕੀਤੀ ਗਈ ਸੀ। ਕਰੀਬ 15 ਕਿਲੋਮੀਟਰ ਲੰਬੇ ਇਸ ਰਜਵਾਹੇ ਦਾ ਵੱਡਾ ਹਿੱਸਾ ਬਣ ਤਾਂ ਗਿਆ ਸੀ, ਪਰ ਪਿਛਲੇ 24 ਸਾਲਾਂ ਦੌਰਾਨ ਇਸ ਵਿੱਚ ਕਦੇ ਪਾਣੀ ਨਹੀਂ ਚੱਲਿਆ। ਕਈ ਹਿੱਸੇ ਮਿੱਟੀ ਨਾਲ ਭਰ ਗਏ ਅਤੇ ਕੁਝ ਥਾਵਾਂ ’ਤੇ ਕਬਜ਼ੇ ਵੀ ਹੋ ਗਏ। ਹੁਣ ਵਿਭਾਗ ਨੇ ਨਿਸ਼ਾਨਦੇਹੀ ਕਰਕੇ ਇਸ ਦੀ ਮੁੜ ਖੁਦਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਰਜਵਾਹੇ ਨਾਲ ਜੁੜੀਆਂ ਭੁੰਗਾਲਾ ਅਤੇ ਗੱਜਲ ਮਾਈਨਰਾਂ ਦੀ ਵੀ ਬਹਾਲੀ ਕੀਤੀ ਜਾ ਰਹੀ ਹੈ। ਇਨ੍ਹਾਂ ਨਹਿਰੀ ਮਾਰਗਾਂ ਦੇ ਚਾਲੂ ਹੋਣ ਨਾਲ ਕੋਟਲੀ ਵਸਾਵਾ, ਗੱਜਲ, ਬਹਾਦਰ ਨਗਰ, ਜੋਧ ਸਿੰਘ ਵਾਲਾ, ਤਲਵੰਡੀ, ਝੁੱਗੀਆਂ ਪੀਰ ਬਖ਼ਸ਼, ਤੂਤ ਅਤੇ ਰਾਮ ਸਿੰਘ ਵਾਲਾ ਸਮੇਤ ਕਈ ਪਿੰਡਾਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।

ਵਿਭਾਗ ਇਸ ਤੋਂ ਪਹਿਲਾਂ ਵੀ ਤਰਨ ਤਾਰਨ ਜ਼ਿਲ੍ਹੇ ਵਿੱਚ ਕਈ ਬੰਦ ਪਏ ਰਜਵਾਹਿਆਂ ਅਤੇ ਮਾਈਨਰਾਂ ਦੀ ਬਹਾਲੀ ਕਰ ਚੁੱਕਾ ਹੈ। ਸਰਹਾਲੀ ਰਜਵਾਹੇ ਦੀ ਮੁੜ ਸ਼ੁਰੂਆਤ ਨਾਲ ਹਜ਼ਾਰਾਂ ਏਕੜ ਰਕਬੇ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 23 ਰਜਵਾਹਿਆਂ ਅਤੇ ਮਾਈਨਰਾਂ ਦੀ ਬਹਾਲੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਦੀ ਕੁੱਲ ਲੰਬਾਈ ਲਗਭਗ 71 ਕਿਲੋਮੀਟਰ ਬਣਦੀ ਹੈ। ਇਸ ਤੋਂ ਇਲਾਵਾ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਵੀ ਇੱਕ ਮਾਈਨਰ ਦੀ ਪਛਾਣ ਹੋਈ ਹੈ, ਜਿਸ ਦੀ ਖੁਦਾਈ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।

ਵਿਭਾਗੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਨਹਿਰੀ ਪ੍ਰਣਾਲੀ ਦੀ ਬਹਾਲੀ ਨਾਲ ਭੂਮੀਗਤ ਪਾਣੀ ’ਤੇ ਨਿਰਭਰਤਾ ਘਟੇਗੀ, ਬਿਜਲੀ ਦੀ ਬਚਤ ਹੋਵੇਗੀ ਅਤੇ ਕਿਸਾਨਾਂ ਨੂੰ ਸਸਤੀ ਤੇ ਟਿਕਾਊ ਸਿੰਚਾਈ ਦੀ ਸਹੂਲਤ ਮਿਲੇਗੀ।