ChatGPT-Claude Outage: ਭਾਰਤ ਸਮੇਤ ਦੁਨੀਆ ਭਰ ’ਚ ChatGPT ਤੇ Claude ਦੀਆਂ ਸੇਵਾਵਾਂ ਪ੍ਰਭਾਵਿਤ
ਨਵੀਂ ਦਿੱਲੀ: ਏਆਈ ਚੈਟਬੋਟ ChatGPT ਅਤੇ Claude ਦੀਆਂ ਸੇਵਾਵਾਂ ਵੀਰਵਾਰ ਸ਼ਾਮ ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਅਚਾਨਕ ਪ੍ਰਭਾਵਿਤ ਹੋ ਗਈਆਂ। ਦੋਵੇਂ ਪਲੇਟਫਾਰਮਾਂ ਵਿੱਚ ਆਈ ਖ਼ਰਾਬੀ ਕਾਰਨ ਹਜ਼ਾਰਾਂ ਯੂਜ਼ਰਾਂ ਨੂੰ ਲੌਗਇਨ ਕਰਨ, ਨਵੇਂ ਸਵਾਲਾਂ ਦੇ ਜਵਾਬ ਹਾਸਲ ਕਰਨ ਅਤੇ ਪੁਰਾਣੀਆਂ ਚੈਟਾਂ ਲੋਡ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਕਈ ਲੋਕਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ। ਹਾਲਾਂਕਿ, ਕੁਝ ਯੂਜ਼ਰਾਂ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਈ।
ਆਨਲਾਈਨ ਆਊਟੇਜ ਮਾਨੀਟਰਿੰਗ ਪਲੇਟਫਾਰਮ Downdetector ਮੁਤਾਬਕ, ਅਮਰੀਕਾ ਵਿੱਚ ChatGPT ਸਬੰਧੀ 36 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ। ਰਾਤ 8:41 ਵਜੇ ਦੇ ਕਰੀਬ ਸ਼ਿਕਾਇਤਾਂ ਦੀ ਗਿਣਤੀ ਸਭ ਤੋਂ ਵੱਧ ਰਹੀ। ਭਾਰਤ ਵਿੱਚ ਵੀ ਰਾਤ 8:23 ਵਜੇ ਕਰੀਬ 3,410 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।
ਰਿਪੋਰਟਾਂ ਅਨੁਸਾਰ ChatGPT ਨਾਲ ਜੁੜੀਆਂ ਸ਼ਿਕਾਇਤਾਂ ਵਿੱਚ ਲਗਪਗ 81 ਫ਼ੀਸਦੀ ਯੂਜ਼ਰਾਂ ਨੇ ਪਲੇਟਫਾਰਮ ਦੀ ਵਰਤੋਂ ਵਿੱਚ ਸਮੱਸਿਆ ਦੱਸੀ, ਜਦਕਿ 8 ਫ਼ੀਸਦੀ ਨੂੰ ਲੌਗਇਨ ਅਤੇ 6 ਫ਼ੀਸਦੀ ਨੂੰ ਵੈੱਬਸਾਈਟ ਨਾਲ ਸਬੰਧਤ ਦਿੱਕਤਾਂ ਆਈਆਂ।
ਇਸੇ ਤਰ੍ਹਾਂ Claude ਨੂੰ ਲੈ ਕੇ ਵੀ ਭਾਰਤ ਅਤੇ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਸਾਹਮਣੇ ਆਈਆਂ। Downdetector ’ਤੇ ਅਮਰੀਕਾ ਵਿੱਚ ਰਾਤ 8:23 ਵਜੇ 37 ਹਜ਼ਾਰ ਤੋਂ ਵੱਧ ਯੂਜ਼ਰਾਂ ਨੇ Claude ਨਾਲ ਸਮੱਸਿਆ ਦੀ ਰਿਪੋਰਟ ਕੀਤੀ। ਭਾਰਤ ਵਿੱਚ ਸ਼ਾਮ 7:01 ਵਜੇ ਕਰੀਬ 185 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਦਕਿ ਕੁੱਲ ਮਿਲਾ ਕੇ 7,500 ਤੋਂ ਵੱਧ ਯੂਜ਼ਰਾਂ ਨੇ ਪਲੇਟਫਾਰਮ ਵਿੱਚ ਖ਼ਰਾਬੀ ਦੀ ਜਾਣਕਾਰੀ ਦਿੱਤੀ।
Claude ਸਬੰਧੀ ਰਿਪੋਰਟਾਂ ਵਿੱਚ ਲਗਪਗ 50 ਫ਼ੀਸਦੀ ਯੂਜ਼ਰਾਂ ਨੇ Claude Code ਦੀ ਵਰਤੋਂ ਵਿੱਚ ਮੁਸ਼ਕਲ, 24 ਫ਼ੀਸਦੀ ਨੇ Claude Chat ਅਤੇ 19 ਫ਼ੀਸਦੀ ਨੇ ਐਪ ਨਾਲ ਸਮੱਸਿਆ ਦੀ ਜਾਣਕਾਰੀ ਦਿੱਤੀ। ਕੰਪਨੀ ਦੇ ਸਟੇਟਸ ਪੇਜ ’ਤੇ ਵੀ ਸਮੱਸਿਆ ਨੂੰ ਠੀਕ ਕਰਨ ਲਈ ਕੰਮ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ।
Knowledge Box: ਕੀ ਹੁੰਦਾ ਹੈ ਆਊਟੇਜ?
ਆਊਟੇਜ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਦੋਂ ਕੋਈ ਆਨਲਾਈਨ ਸੇਵਾ, ਐਪ, ਵੈੱਬਸਾਈਟ ਜਾਂ ਇੰਟਰਨੈੱਟ ਸੇਵਾ ਅਚਾਨਕ ਕੰਮ ਕਰਨਾ ਬੰਦ ਕਰ ਦੇਵੇ ਜਾਂ ਉਪਲਬਧ ਨਾ ਰਹੇ। ਇਹ ਸਮੱਸਿਆ ਕੁਝ ਮਿੰਟਾਂ ਤੋਂ ਲੈ ਕੇ ਕਈ ਘੰਟਿਆਂ ਤੱਕ ਰਹਿ ਸਕਦੀ ਹੈ। ਆਊਟੇਜ ਦੇ ਪਿੱਛੇ ਸਰਵਰ ਫੇਲ੍ਹ ਹੋਣਾ, ਨੈੱਟਵਰਕ ਵਿੱਚ ਖ਼ਰਾਬੀ, ਰੱਖ-ਰਖਾਅ, ਹਾਰਡਵੇਅਰ ਸਮੱਸਿਆ ਜਾਂ ਸਰਵਿਸ ’ਤੇ ਅਚਾਨਕ ਵੱਧ ਲੋਡ ਪੈਣਾ ਵਰਗੇ ਕਾਰਨ ਹੋ ਸਕਦੇ ਹਨ।







