Fake Food Labels: ਭਾਰਤ ’ਚ ਨਕਲੀ ਲੇਬਲਾਂ ਦਾ ਖੁਲਾਸਾ, ਕੈਨੇਡਾ ਪਹੁੰਚਣ ਵਾਲੇ ਖਾਧ ਪਦਾਰਥਾਂ ਦੀ ਜਾਂਚ ਤੇਜ਼

Expired Food Export: ਨਕਲੀ ਲੇਬਲਿੰਗ ਮਾਮਲੇ ਮਗਰੋਂ ਕੈਨੇਡਾ ਹੋਇਆ ਚੌਕਸ, ਭਾਰਤ ਤੋਂ ਆਉਣ ਵਾਲੇ ਖਾਧ ਪਦਾਰਥਾਂ ਦੀ ਜਾਂਚ

ਕੈਨੇਡਾ: ਭਾਰਤ ਵਿੱਚ ਇੱਕ ਕਥਿਤ ਗੈਰ-ਕਾਨੂੰਨੀ ਫ਼ੈਕਟਰੀ ਵੱਲੋਂ ਖਾਧ ਪਦਾਰਥਾਂ ’ਤੇ ਨਕਲੀ ਪੌਸ਼ਟਿਕਤਾ ਸਬੰਧੀ ਜਾਣਕਾਰੀ ਅਤੇ ਐਕਸਪਾਇਰੀ ਤਰੀਕਾਂ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਤੇ ਨਿਗਰਾਨੀ ਵਧਾ ਦਿੱਤੀ ਹੈ।

CFIA ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਥਿਤ ਨੈੱਟਵਰਕ ਰਾਹੀਂ ਕੈਨੇਡਾ ਪਹੁੰਚਣ ਵਾਲੇ ਖਾਧ ਪਦਾਰਥਾਂ ਦੀ ਸੁਰੱਖਿਆ ’ਤੇ ਕੋਈ ਅਸਰ ਤਾਂ ਨਹੀਂ ਪਿਆ। ਹਾਲਾਂਕਿ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਤੱਕ ਅਜਿਹੇ ਕਿਸੇ ਸ਼ੱਕੀ ਉਤਪਾਦ ਦੇ ਕੈਨੇਡੀਅਨ ਬਾਜ਼ਾਰ ਵਿੱਚ ਦਾਖ਼ਲ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ।

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਮੁੰਬਈ ਦੇ ਇੱਕ ਗੋਦਾਮ ’ਤੇ ਛਾਪੇਮਾਰੀ ਕਰਕੇ ਕਰੀਬ 80,000 ਅਮਰੀਕੀ ਡਾਲਰ ਮੁੱਲ ਦੇ ਉਤਪਾਦ, ਕੈਮੀਕਲ ਅਤੇ ਪ੍ਰਿੰਟਿੰਗ ਮਸ਼ੀਨਾਂ ਜ਼ਬਤ ਕੀਤੀਆਂ। ਜਾਂਚ ਮੁਤਾਬਕ ਗੋਦਾਮ ਵਿੱਚ PepsiCo, Nestle, Coca-Cola ਅਤੇ Unilever ਵਰਗੀਆਂ ਵੱਡੀਆਂ ਕੰਪਨੀਆਂ ਦੇ ਪੁਰਾਣੇ ਜਾਂ ਐਕਸਪਾਇਰੀ ਦੇ ਨੇੜੇ ਪਹੁੰਚੇ ਉਤਪਾਦਾਂ ਦੀਆਂ ਤਰੀਕਾਂ ਬਦਲ ਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਤਿਆਰ ਕਰਨ ਦਾ ਕਥਿਤ ਕੰਮ ਕੀਤਾ ਜਾ ਰਿਹਾ ਸੀ।

ਜਾਂਚ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿੱਚ ਇਨ੍ਹਾਂ ਵੱਡੀਆਂ ਕੰਪਨੀਆਂ ਦੀ ਸਿੱਧੀ ਭੂਮਿਕਾ ਸਾਹਮਣੇ ਨਹੀਂ ਆਈ ਹੈ ਅਤੇ ਕਾਰਵਾਈ ਦਾ ਕੇਂਦਰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਉਤਪਾਦ ਐਕਸਪੋਰਟ ਕਰਨ ਵਾਲੇ ਲੋਕ ਹਨ। ਛਾਪੇਮਾਰੀ ਦੌਰਾਨ Reuters ਦੇ ਇੱਕ ਫ਼ੋਟੋਗ੍ਰਾਫ਼ਰ ਨੇ ਗੋਦਾਮ ਵਿੱਚ PepsiCo ਦੇ ‘ਕੁਰਕੁਰੇ’ ਦਾ ਇੱਕ ਪੈਕਟ ਦੇਖਿਆ, ਜਿਸ ’ਤੇ ਅੰਗਰੇਜ਼ੀ ਅਤੇ ਫਰੈਂਚ ਭਾਸ਼ਾ ਵਿੱਚ ਪੌਸ਼ਟਿਕਤਾ ਸਬੰਧੀ ਲੇਬਲ ਲੱਗਿਆ ਹੋਇਆ ਸੀ। ਇਸ ਕਾਰਨ ਇਹ ਸ਼ੱਕ ਪੈਦਾ ਹੋਇਆ ਕਿ ਉਤਪਾਦ ਕੈਨੇਡੀਅਨ ਬਾਜ਼ਾਰ ਲਈ ਭੇਜਿਆ ਜਾਣਾ ਸੀ।

ਕੈਨੇਡਾ ਦੇ ਫੂਡ ਪੈਕਿੰਗ ਨਿਯਮਾਂ ਤਹਿਤ ਕਈ ਖਾਧ ਉਤਪਾਦਾਂ ’ਤੇ ਲਾਜ਼ਮੀ ਜਾਣਕਾਰੀ ਅੰਗਰੇਜ਼ੀ ਅਤੇ ਫਰੈਂਚ ਦੋਵਾਂ ਭਾਸ਼ਾਵਾਂ ਵਿੱਚ ਦੇਣੀ ਹੁੰਦੀ ਹੈ। ਇਸੇ ਕਾਰਨ ਗੋਦਾਮ ਵਿੱਚ ਮਿਲੇ ਅਜਿਹੇ ਲੇਬਲਾਂ ਨੂੰ ਕੈਨੇਡਾ ਨਾਲ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ।

CFIA ਨੇ ਕਿਹਾ ਹੈ ਕਿ ਏਜੰਸੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਕੈਨੇਡਾ ਵਿੱਚ ਖਾਧ ਪਦਾਰਥਾਂ ਨਾਲ ਧੋਖਾਧੜੀ, ਗਲਤ ਐਕਸਪਾਇਰੀ ਤਰੀਕਾਂ ਅਤੇ ਗੁਮਰਾਹਕੁਨ ਲੇਬਲਿੰਗ ਨੂੰ ਗੰਭੀਰ ਮਾਮਲਾ ਮੰਨਿਆ ਜਾਂਦਾ ਹੈ। ਜੇਕਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਤਪਾਦ ਮਿਲਦੇ ਹਨ ਤਾਂ ਸਖ਼ਤ ਕਾਰਵਾਈ ਦੇ ਨਾਲ ਲਾਇਸੈਂਸ ਰੱਦ ਕਰਨ ਅਤੇ ਜੁਰਮਾਨੇ ਵਰਗੇ ਕਦਮ ਚੁੱਕੇ ਜਾ ਸਕਦੇ ਹਨ।

ਇਸ ਦੌਰਾਨ PepsiCo ਵੱਲੋਂ ਕਿਹਾ ਗਿਆ ਹੈ ਕਿ ਕੰਪਨੀ ਦਾ ਇਨ੍ਹਾਂ ਕਥਿਤ ਐਕਸਪੋਰਟ ਕੰਪਨੀਆਂ ਨਾਲ ਕੋਈ ਵਪਾਰਕ ਸਬੰਧ ਨਹੀਂ ਹੈ। ਕੰਪਨੀ ਮੁਤਾਬਕ ਭਾਰਤ ਵਿੱਚ ਤਿਆਰ ਕੀਤੇ ਉਸ ਦੇ ਉਤਪਾਦ ਆਮ ਤੌਰ ’ਤੇ ਭਾਰਤੀ ਬਾਜ਼ਾਰ ਲਈ ਹੁੰਦੇ ਹਨ, ਜਦੋਂ ਤੱਕ ਕੰਪਨੀ ਵੱਲੋਂ ਖ਼ੁਦ ਕਿਸੇ ਉਤਪਾਦ ਨੂੰ ਵਿਸ਼ੇਸ਼ ਤੌਰ ’ਤੇ ਐਕਸਪੋਰਟ ਕਰਨ ਦੀ ਮਨਜ਼ੂਰੀ ਨਾ ਦਿੱਤੀ ਗਈ ਹੋਵੇ।