ਕੋਸਟਾ ਰੀਕਾ ਨੇ ਸੰਯੁਕਤ ਰਾਸ਼ਟਰ ਦੀ ਮਾਹਿਰ ਨੂੰ ਦੇਸ਼ ’ਚ ਦਾਖ਼ਲੇ ਤੋਂ ਰੋਕਿਆ, ਵਤਨ ਪਰਤਣ ਲਈ ਹੋਈ ਮਜਬੂਰs

ਕੋਸਟਾ ਰੀਕਾ: ਸੰਯੁਕਤ ਰਾਸ਼ਟਰ ਦੀ ਇਜ਼ਰਾਈਲ ਦੇ ਕਬਜ਼ੇ ਹੇਠਲੇ ਫਲਸਤੀਨੀ ਇਲਾਕਿਆਂ ਬਾਰੇ ਵਿਸ਼ੇਸ਼ ਰਿਪੋਰਟਰ ਫਰਾਂਸਿਸਕਾ ਅਲਬਾਨੀਜ਼ ਸ਼ਨਿਚਰਵਾਰ ਨੂੰ ਕੋਸਟਾ ਰੀਕਾ ਤੋਂ ਰਵਾਨਾ ਹੋ ਗਈ। ਦੇਸ਼ ਵਿੱਚ ਦਾਖ਼ਲੇ ਦੀ ਇਜਾਜ਼ਤ ਨਾ ਮਿਲਣ ਕਾਰਨ ਉਹ 50 ਘੰਟਿਆਂ ਤੋਂ ਵੱਧ ਸਮਾਂ ਹਵਾਈ ਅੱਡੇ ’ਤੇ ਫਸੀ ਰਹੀ। ਉਹ ਕੋਸਟਾ ਰੀਕਾ ਵਿੱਚ ਆਨਰੇਰੀ ਡਿਗਰੀ ਪ੍ਰਾਪਤ ਕਰਨ ਲਈ ਪਹੁੰਚੀ ਸੀ।

ਇਤਾਲਵੀ ਵਕੀਲ ਅਲਬਾਨੀਜ਼ ਨੂੰ ਸੰਯੁਕਤ ਰਾਸ਼ਟਰ ਵੱਲੋਂ ਫਲਸਤੀਨੀਆਂ ਵਿਰੁੱਧ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਜਾਂਚ ਲਈ ਵਿਸ਼ੇਸ਼ ਰਿਪੋਰਟਰ ਨਿਯੁਕਤ ਕੀਤਾ ਗਿਆ ਹੈ। ਉਹ ਇਜ਼ਰਾਈਲ ਦੀਆਂ ਸਭ ਤੋਂ ਸਖ਼ਤ ਆਲੋਚਕਾਂ ਵਿੱਚੋਂ ਇਕ ਹਨ। ਉਨ੍ਹਾਂ ਨੇ ਗਾਜ਼ਾ ਵਿੱਚ ਹਮਾਸ ਵਿਰੁੱਧ ਜੰਗ ਦੌਰਾਨ ਇਜ਼ਰਾਈਲੀ ਸਰਕਾਰ ’ਤੇ ਨਸਲਕੁਸ਼ੀ ਦੇ ਦੋਸ਼ ਲਾਏ ਹਨ, ਜਿਨ੍ਹਾਂ ਨੂੰ ਇਜ਼ਰਾਈਲ ਨਕਾਰਦਾ ਹੈ।

ਕੋਸਟਾ ਰੀਕਾ ਛੱਡਣ ਸਮੇਂ ਅਲਬਾਨੀਜ਼ ਨੇ ਉੱਥੋਂ ਦੇ ਲੋਕਾਂ, ਯੂਨੀਵਰਸਿਟੀ, ਇਤਾਲਵੀ ਦੂਤਾਵਾਸ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਵਾਲੇ ਜੱਜਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਲਿਖਿਆ, “ਫਿਲਹਾਲ ਅਲਵਿਦਾ। ਮੈਂ ਵਾਪਸ ਆਵਾਂਗੀ, ਵਾਅਦਾ ਕਰਦੀ ਹਾਂ, ਜਦੋਂ ਕੋਸਟਾ ਰੀਕਾ ਮੁੜ ਆਜ਼ਾਦ ਹੋਵੇਗਾ।”

ਅਤਿਵਾਦ ਨਾਲ ਸਬੰਧਾਂ ਦਾ ਲਾਇਆ ਦੋਸ਼

ਅਲਬਾਨੀਜ਼ ਵੀਰਵਾਰ ਨੂੰ ਪੈਰਿਸ ਤੋਂ ਕੋਸਟਾ ਰੀਕਾ ਪਹੁੰਚੀ ਸੀ, ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਹੀ ਰੋਕ ਲਿਆ। ਅਧਿਕਾਰੀਆਂ ਦਾ ਕਹਿਣਾ ਸੀ ਕਿ ਕਥਿਤ ਤੌਰ ’ਤੇ ਅਤਿਵਾਦ ਨਾਲ ਸਬੰਧਾਂ ਕਾਰਨ ਉਨ੍ਹਾਂ ਵਿਰੁੱਧ ਕੌਮਾਂਤਰੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਉਹ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹਨ। ਹਾਲਾਂਕਿ ਅਧਿਕਾਰੀਆਂ ਨੇ ਨਾ ਤਾਂ ਇਹ ਸਪੱਸ਼ਟ ਕੀਤਾ ਕਿ ਚਿਤਾਵਨੀ ਕਿਸ ਵੱਲੋਂ ਜਾਰੀ ਕੀਤੀ ਗਈ ਸੀ ਅਤੇ ਨਾ ਹੀ ਇਸ ਸਬੰਧੀ ਕੋਈ ਸਬੂਤ ਪੇਸ਼ ਕੀਤਾ।

ਅਲਬਾਨੀਜ਼ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਸ਼ੁੱਕਰਵਾਰ ਨੂੰ ਐਕਸ ’ਤੇ ਲਿਖਿਆ, “ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਅਤਿਵਾਦ ਨਹੀਂ ਹੈ।” ਉਨ੍ਹਾਂ ਨੇ ਇਸ ਗੱਲ ਦੀ ਜਾਂਚ ਦੀ ਮੰਗ ਵੀ ਕੀਤੀ ਕਿ ਕੀ ਉਨ੍ਹਾਂ ’ਤੇ ਲਾਈ ਗਈ ਪਾਬੰਦੀ ਦਾ ਸਬੰਧ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਲਾਈਆਂ ਪਾਬੰਦੀਆਂ ਨਾਲ ਹੈ। ਅਮਰੀਕੀ ਪ੍ਰਸ਼ਾਸਨ ਨੇ ਦੋਸ਼ ਲਾਇਆ ਸੀ ਕਿ ਉਹ ਇਜ਼ਰਾਈਲੀ ਅਤੇ ਅਮਰੀਕੀ ਨਾਗਰਿਕਾਂ ਵਿਰੁੱਧ ਮੁਕੱਦਮੇ ਚਲਾਉਣ ਲਈ ਕੌਮਾਂਤਰੀ ਅਪਰਾਧਿਕ ਅਦਾਲਤ ਨਾਲ ਮਿਲ ਕੇ ਕੰਮ ਕਰ ਰਹੀ ਸੀ। ਇਨ੍ਹਾਂ ਪਾਬੰਦੀਆਂ ਤਹਿਤ ਉਨ੍ਹਾਂ ਦੇ ਅਮਰੀਕਾ ਜਾਣ ਅਤੇ ਉੱਥੋਂ ਦੀਆਂ ਬੈਂਕਿੰਗ ਸੇਵਾਵਾਂ ਵਰਤਣ ’ਤੇ ਰੋਕ ਲਗਾਈ ਗਈ ਸੀ।

ਅਦਾਲਤ ਨੇ ਦੇਸ਼ ਨਿਕਾਲੇ ਦੀ ਕਾਰਵਾਈ ’ਤੇ ਲਾਈ ਰੋਕ

ਕੋਸਟਾ ਰੀਕਾ ਦੀ ਯੂਨੀਵਰਸਿਟੀ ਵੱਲੋਂ ਦਿੱਤੀ ਜਾਣ ਵਾਲੀ ਆਨਰੇਰੀ ਡਾਕਟਰੇਟ ਦੀ ਡਿਗਰੀ ਅਲਬਾਨੀਜ਼ ਨੇ ਹਵਾਈ ਅੱਡੇ ਤੋਂ ਵੀਡੀਓ ਕਾਲ ਰਾਹੀਂ ਪ੍ਰਾਪਤ ਕੀਤੀ। ਇਸ ਦੌਰਾਨ ਦੇਸ਼ ਦੀ ਸੰਵਿਧਾਨਕ ਅਦਾਲਤ ਨੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ। ਅਦਾਲਤ ਉਨ੍ਹਾਂ ਵੱਲੋਂ ਦਾਇਰ ਕੀਤੀ ਗਈ ਕਾਨੂੰਨੀ ਪਟੀਸ਼ਨ ’ਤੇ ਵਿਚਾਰ ਕਰ ਰਹੀ ਸੀ।

ਸ਼ੁੱਕਰਵਾਰ ਦੇਰ ਰਾਤ ਅਦਾਲਤ ਨੇ ਉਨ੍ਹਾਂ ਨੂੰ ਉਡਾਣ ਤੋਂ ਪਹਿਲਾਂ ਆਰਾਮ ਕਰਨ ਲਈ ਹੋਟਲ ਜਾਣ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ ਦੇਸ਼ ਵਿੱਚ ਦਾਖ਼ਲੇ ’ਤੇ ਪਾਬੰਦੀ ਬਰਕਰਾਰ ਰਹੀ, ਪਰ ਉਨ੍ਹਾਂ ਨੂੰ ਜ਼ਬਰਦਸਤੀ ਪੈਰਿਸ ਵਾਪਸ ਭੇਜਣ ਦੀ ਬਜਾਏ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਦਾ ਮੌਕਾ ਮਿਲ ਗਿਆ।

ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਹੋਟਲ ਜਾਣ ਦੀ ਇਜਾਜ਼ਤ ਦੇਣ ਵਿੱਚ ਲਗਪਗ ਛੇ ਘੰਟੇ ਲਾ ਦਿੱਤੇ। ਉਹ ਅੱਧੀ ਰਾਤ ਤੋਂ ਕੁਝ ਸਮੇਂ ਬਾਅਦ ਹਵਾਈ ਅੱਡੇ ਤੋਂ ਬਾਹਰ ਆਈ ਅਤੇ ਕੁਝ ਘੰਟਿਆਂ ਬਾਅਦ ਮੈਕਸਿਕੋ ਜਾਣ ਵਾਲੀ ਉਡਾਣ ਵਿੱਚ ਸਵਾਰ ਹੋ ਗਈ।