ਸੁਪਰ ਐੱਲ ਨੀਨੋ ਕਾਰਨ ਭਾਰਤ ’ਚ 15,800 ਵਾਧੂ ਮੌਤਾਂ ਦਾ ਖ਼ਦਸ਼ਾ
ਭੂ-ਮੱਧ ਰੇਖਾ ਨੇੜੇ ਪ੍ਰਸ਼ਾਂਤ ਮਹਾਸਾਗਰ ਦੇ ਖੇਤਰ ਵਿੱਚ ਸਰਗਰਮ ਸੁਪਰ ਐੱਲ ਨੀਨੋ ਆਉਣ ਵਾਲੇ ਛੇ ਮਹੀਨਿਆਂ ਦੌਰਾਨ ਭਾਰਤ ਵਿੱਚ ਗਰਮੀ ਨਾਲ ਸਬੰਧਤ ਕਰੀਬ 15,800 ਵਾਧੂ ਮੌਤਾਂ ਦਾ ਕਾਰਨ ਬਣ ਸਕਦਾ ਹੈ। ਇਹ ਦਾਅਵਾ ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਵੱਲੋਂ ਜਾਰੀ ਇੱਕ ਨਵੇਂ ਅਧਿਐਨ ਵਿੱਚ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਐੱਲ ਨੀਨੋ ਦਾ ਇਹ ਗੰਭੀਰ ਰੂਪ ਆਉਣ ਵਾਲੇ ਮਹੀਨਿਆਂ ਵਿੱਚ ਦੁਨੀਆ ਦੇ ਔਸਤ ਤਾਪਮਾਨ ਨੂੰ ਆਮ ਪੱਧਰ ਨਾਲੋਂ ਲਗਭਗ 1.2 ਡਿਗਰੀ ਸੈਲਸੀਅਸ ਤੱਕ ਵਧਾ ਸਕਦਾ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਤਾਪਮਾਨ ਦਾ ਇਹ ਪੱਧਰ ਉਹੀ ਹੈ, ਜਿਸ ਤੱਕ ਪਹੁੰਚਣ ਵਿੱਚ ਆਮ ਹਾਲਾਤਾਂ ਵਿੱਚ ਅਗਲੇ ਦੋ ਦਹਾਕਿਆਂ ਦਾ ਸਮਾਂ ਲੱਗਣ ਦਾ ਅਨੁਮਾਨ ਲਗਾਇਆ ਗਿਆ ਸੀ।
ਅਧਿਐਨ ਮੁਤਾਬਕ ਇਸ ਵਧੇ ਹੋਏ ਤਾਪਮਾਨ ਦਾ ਸਿਹਤ ’ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਸਤੰਬਰ 2026 ਤੋਂ ਫਰਵਰੀ 2027 ਦੇ ਵਿਚਕਾਰ ਦੁਨੀਆ ਭਰ ਵਿੱਚ ਗਰਮੀ ਨਾਲ ਜੁੜੀਆਂ ਲਗਭਗ 2.39 ਲੱਖ ਵਾਧੂ ਮੌਤਾਂ ਹੋਣ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ। ਇਨ੍ਹਾਂ ਵਿੱਚ ਭਾਰਤ ਵਿੱਚ ਕਰੀਬ 15,800 ਮੌਤਾਂ ਦਾ ਅੰਦਾਜ਼ਾ ਲਾਇਆ ਗਿਆ ਹੈ।
ਅਫਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਸ਼ਿਕਾਗੋ ਯੂਨੀਵਰਸਿਟੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅਗਲੇ ਛੇ ਮਹੀਨਿਆਂ ਦੌਰਾਨ ਅਫਰੀਕਾ ਵਿੱਚ ਲਗਭਗ 66,800 ਵਾਧੂ ਮੌਤਾਂ ਹੋਣ ਦਾ ਅਨੁਮਾਨ ਹੈ। ਇਨ੍ਹਾਂ ਵਿੱਚੋਂ ਕਰੀਬ 31,400 ਮੌਤਾਂ ਨਾਇਜੀਰੀਆ ਵਿੱਚ ਅਤੇ ਲਗਭਗ 17,500 ਮੌਤਾਂ ਸੂਡਾਨ ਵਿੱਚ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਰਿਪੋਰਟ ਵਿੱਚ ਦੱਖਣ-ਪੂਰਬੀ ਏਸ਼ੀਆ ਨੂੰ ਵੀ ਵਧਦੀ ਗਰਮੀ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਅਧਿਐਨ ਮੁਤਾਬਕ ਫਿਲਪੀਨਜ਼, ਵੀਅਤਨਾਮ, ਥਾਈਲੈਂਡ ਅਤੇ ਕੰਬੋਡੀਆ ਵਿੱਚ ਗਰਮੀ ਕਾਰਨ ਲਗਭਗ 19,400 ਵਾਧੂ ਮੌਤਾਂ ਹੋ ਸਕਦੀਆਂ ਹਨ, ਜਦਕਿ ਇੰਡੋਨੇਸ਼ੀਆ ਵਿੱਚ ਇਹ ਅੰਕੜਾ ਕਰੀਬ 19,300 ਰਹਿਣ ਦਾ ਅਨੁਮਾਨ ਹੈ।
ਅਧਿਐਨ ਵਿੱਚ ਵਧਦੇ ਤਾਪਮਾਨ ਦੇ ਸੰਭਾਵਿਤ ਸਿਹਤ ਪ੍ਰਭਾਵਾਂ ਨਾਲ ਨਜਿੱਠਣ ਲਈ ਐਮਰਜੈਂਸੀ ਉਪਾਅ ਕਰਨ ਅਤੇ ਲੋਕਾਂ ਦੀ ਸੁਰੱਖਿਆ ਲਈ ਪਹਿਲਾਂ ਤੋਂ ਤਿਆਰੀ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ।







