ਪਤੀ-ਪਤਨੀ ਦੇ ਝਗੜੇ ਦੌਰਾਨ ਚਾਕੂ ਲੱਗਣ ਨਾਲ ਪਤਨੀ ਦੀ ਮੌਤ, ਪਤੀ ਜ਼ਖ਼ਮੀ
ਫਗਵਾੜਾ: ਸਥਾਨਕ ਮੁਹੱਲਾ ਟਿੱਬੀ ਵਿੱਚ ਬੁੱਧਵਾਰ ਨੂੰ ਪਤੀ-ਪਤਨੀ ਵਿਚਾਲੇ ਹੋਈ ਤਕਰਾਰ ਨੇ ਉਸ ਵੇਲੇ ਗੰਭੀਰ ਰੂਪ ਧਾਰ ਲਿਆ, ਜਦੋਂ ਦੋਵਾਂ ਵਿਚਾਲੇ ਹੱਥੋਪਾਈ ਦੌਰਾਨ ਚਾਕੂ ਲੱਗਣ ਕਾਰਨ ਪਤਨੀ ਦੀ ਮੌਤ ਹੋ ਗਈ। ਘਟਨਾ ਵਿੱਚ ਪਤੀ ਵੀ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।
ਮੌਕੇ ’ਤੇ ਮੌਜੂਦ ਸੁਖਦੇਵ ਸਿੰਘ ਲੱਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਕੌਰ ਕਰੀਬ 15-20 ਦਿਨ ਪਹਿਲਾਂ ਹੀ ਮੁਹੱਲਾ ਟਿੱਬੀ ਵਿੱਚ ਕਿਰਾਏ ’ਤੇ ਇੱਕ ਕਮਰਾ ਲੈ ਕੇ ਰਹਿਣ ਲਈ ਆਏ ਸਨ। ਬੁੱਧਵਾਰ ਸ਼ਾਮ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜੋ ਕੁਝ ਹੀ ਸਮੇਂ ਬਾਅਦ ਹੱਥੋਪਾਈ ਵਿੱਚ ਬਦਲ ਗਈ।
ਉਨ੍ਹਾਂ ਮੁਤਾਬਕ ਇਸ ਦੌਰਾਨ ਦੋਵਾਂ ਵੱਲੋਂ ਇੱਕ-ਦੂਜੇ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਚਾਕੂ ਲੱਗਣ ਕਾਰਨ ਜਸਵਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਅਤੇ ਉਸ ਦੀ ਮੌਤ ਹੋ ਗਈ, ਜਦਕਿ ਗੁਰਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ, ਜਿੱਥੇ ਪੁਲੀਸ ਨੇ ਉਸ ਨੂੰ ਸੁਰੱਖਿਆ ਹੇਠ ਦਾਖ਼ਲ ਕਰਵਾ ਦਿੱਤਾ।
ਇਸ ਸਬੰਧੀ ਐੱਸ.ਪੀ. ਮੇਜਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਪਤੀ ਨੂੰ ਪੁਲੀਸ ਦੀ ਨਿਗਰਾਨੀ ਹੇਠ ਹਸਪਤਾਲ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਘਟਨਾ ਦੇ ਸਾਰੇ ਤੱਥ ਸਪਸ਼ਟ ਹੋ ਸਕਣਗੇ।
ਇਸੇ ਦੌਰਾਨ ਡੀ.ਐੱਸ.ਪੀ. ਪਲਵਿੰਦਰ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੁਲੀਸ ਅਧਿਕਾਰੀਆਂ ਤੋਂ ਮਾਮਲੇ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।







