ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧੀਆਂ!, ਸੁੁਪਰੀਮ ਕੋਰਟ ਦਾ ਫੈਸਲਾ…

ਸੁਪਰੀਮ ਕੋਰਟ ਨੇ 2017 ਦੇ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਕੋਈ ਰਾਹਤ ਨਹੀਂ ਦਿੱਤੀ। ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮਾਮਲਾ ਰੱਦ ਕਰਨ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ।

ਸੁਖਬੀਰ ਬਾਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਵਿੱਚ ਹਾਈ ਕੋਰਟ ਨੇ ਮਾਣਹਾਨੀ ਦੀ ਕਾਰਵਾਈ ਖਤਮ ਕਰਨ ਤੋਂ ਇਨਕਾਰ ਕੀਤਾ ਸੀ।

ਇਹ ਮਾਮਲਾ ਜਨਵਰੀ 2017 ਵਿੱਚ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਬਾਦਲ ਨੇ ਧਾਰਮਿਕ ਸੰਸਥਾ ‘ਅਖੰਡ ਕੀਰਤਨੀ ਜਥਾ’ (AKJ) ਨੂੰ ਅਤਿਵਾਦੀ ਸੰਗਠਨ ‘ਬੱਬਰ ਖਾਲਸਾ ਇੰਟਰਨੈਸ਼ਨਲ’ ਦਾ ਸਿਆਸੀ ਵਿੰਗ ਦੱਸਿਆ ਸੀ।

ਇਸ ਬਿਆਨ ਤੋਂ ਬਾਅਦ ਅਖੰਡ ਕੀਰਤਨੀ ਜਥੇ ਦੇ ਮੁੱਖ ਬੁਲਾਰੇ ਵੱਲੋਂ ਸੁਖਬੀਰ ਬਾਦਲ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਇਹ ਟਿੱਪਣੀਆਂ ਵੱਖ-ਵੱਖ ਸਿਆਸੀ ਰੈਲੀਆਂ ਅਤੇ ਮੀਡੀਆ ਰਾਹੀਂ ਕੀਤੀਆਂ ਗਈਆਂ, ਜਿਸ ਕਾਰਨ ਸੰਸਥਾ ਦੀ ਛਵੀ ਅਤੇ ਸਾਖ ਨੂੰ ਨੁਕਸਾਨ ਪਹੁੰਚਿਆ।