ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਈ ਅਹਿਮ ਖ਼ੁਲਾਸੇ ਕੀਤੇ ਹਨ। ਈ.ਡੀ. ਅਨੁਸਾਰ, ਭੁੱਲਰ ਦੇ ਕਥਿਤ ਸਹਿਯੋਗੀ ਕ੍ਰਿਸ਼ਾਨੂ ਸ਼ਾਰਦਾ ਨੇ ਏਜੰਸੀ ਕੋਲ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਉਸ ਦੀ ਰਿਹਾਇਸ਼ ਤੋਂ ਸੀ.ਬੀ.ਆਈ. ਵੱਲੋਂ ਬਰਾਮਦ ਕੀਤੇ ਗਏ 21 ਲੱਖ ਰੁਪਏ ਰੋਪੜ ਦੇ ਡੀ.ਸੀ. ਦਫ਼ਤਰ ਵਿੱਚ ਤਾਇਨਾਤ ਇੱਕ ਕਲਰਕ ਨੇ ਦਿੱਤੇ ਸਨ। ਇਹ ਰਕਮ ਅੰਮ੍ਰਿਤਸਰ ਵਾਸੀ ਹਰਜੀਤ ਸਿੰਘ ਦੀ ਜ਼ਮੀਨ ਦੇ ਮੁਆਵਜ਼ੇ ਦਾ ਮਾਮਲਾ ਇੱਕ ਆਈ.ਏ.ਐੱਸ. ਅਧਿਕਾਰੀ ਰਾਹੀਂ ਹੱਲ ਕਰਵਾਉਣ ਦੇ ਬਦਲੇ ਦਿੱਤੀ ਗਈ ਸੀ।
ਈ.ਡੀ. ਨੇ 18 ਤੋਂ 25 ਸਤੰਬਰ 2026 ਦੌਰਾਨ ਰਿਮਾਂਡ ’ਤੇ ਕ੍ਰਿਸ਼ਾਨੂ ਸ਼ਾਰਦਾ ਦੇ ਬਿਆਨ ਪੀ.ਐੱਮ.ਐੱਲ.ਏ. 2002 ਦੀ ਧਾਰਾ 50 ਤਹਿਤ ਦਰਜ ਕੀਤੇ ਸਨ। ਇਹ ਬਿਆਨ ਚੰਡੀਗੜ੍ਹ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿੱਚ ਉਸ ਵਿਰੁੱਧ ਦਾਇਰ ਕੀਤੀ ਗਈ ਚਾਰਜਸ਼ੀਟ ਦਾ ਹਿੱਸਾ ਹਨ।
ਚਾਰਜਸ਼ੀਟ ਅਨੁਸਾਰ, ਸ਼ਾਰਦਾ ਨੇ ਦੱਸਿਆ ਕਿ ਉਸ ਨੇ 2018 ਤੋਂ 2022 ਤੱਕ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਠੇਕੇ ’ਤੇ ਫਾਇਰਮੈਨ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ 2021 ਤੋਂ 2025 ਤੱਕ ਉਹ ਬੱਚਿਆਂ ਨੂੰ ਹਾਕੀ ਦੀ ਕੋਚਿੰਗ ਦਿੰਦਾ ਰਿਹਾ। ਉਸ ਨੇ ਕੋਚਿੰਗ ਤੋਂ ਹਰ ਮਹੀਨੇ ਕਰੀਬ 50 ਹਜ਼ਾਰ ਰੁਪਏ ਕਮਾਉਣ ਅਤੇ ਹਾਕੀ ਟੂਰਨਾਮੈਂਟਾਂ ਵਿੱਚੋਂ ਨਕਦ ਇਨਾਮ ਮਿਲਣ ਦੀ ਗੱਲ ਵੀ ਕਹੀ।
23 ਸਤੰਬਰ 2026 ਨੂੰ ਦਰਜ ਕੀਤੇ ਆਪਣੇ ਬਿਆਨ ਵਿੱਚ ਸ਼ਾਰਦਾ ਨੇ ਕਥਿਤ ਤੌਰ ’ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕਰਵਾਉਣ ਸਮੇਤ ਵੱਖ-ਵੱਖ ਸਰਕਾਰੀ ਕੰਮ ਕਰਵਾਉਣ ਬਦਲੇ ਲਗਭਗ 15 ਲੱਖ ਰੁਪਏ ਪ੍ਰਾਪਤ ਕਰਨ ਦੀ ਗੱਲ ਮੰਨੀ। ਉਸ ਨੇ ਅਜਿਹੇ ਕਈ ਮਾਮਲਿਆਂ ਦਾ ਵੇਰਵਾ ਵੀ ਦਿੱਤਾ, ਜਿਨ੍ਹਾਂ ਵਿੱਚ ਪੈਸੇ ਲੈ ਕੇ ਸਰਕਾਰੀ ਅਧਿਕਾਰੀਆਂ ਰਾਹੀਂ ਕੰਮ ਕਰਵਾਏ ਗਏ ਸਨ।
ਇੱਕ ਮਾਮਲੇ ਵਿੱਚ ਉਸ ਨੇ ਦੱਸਿਆ ਕਿ ਇੱਕ ਸਰਕਾਰੀ ਅਧਿਕਾਰੀ ਦੀ ਬਦਲੀ ਕਰਵਾਉਣ ਲਈ ਉਸ ਨੇ 5 ਲੱਖ ਰੁਪਏ ਲਏ ਸਨ। ਇਸ ਵਿੱਚੋਂ 3 ਲੱਖ ਰੁਪਏ ਇੱਕ ਵਿਚੋਲੇ ਨੂੰ ਦੇ ਦਿੱਤੇ, ਜਦਕਿ 2 ਲੱਖ ਰੁਪਏ ਆਪਣੇ ਕਮਿਸ਼ਨ ਵਜੋਂ ਰੱਖ ਲਏ। ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਸਬੰਧੀ ਸੂਚੀਆਂ ਦੀ ਪਹਿਲਾਂ ਜਾਣਕਾਰੀ ਦੇਣ ਬਦਲੇ ਵੀ ਉਸ ਨੇ ਵੱਖ-ਵੱਖ ਮੌਕਿਆਂ ’ਤੇ ਲਗਭਗ 50 ਹਜ਼ਾਰ ਰੁਪਏ ਲੈਣ ਦੀ ਗੱਲ ਕਹੀ।
21 ਲੱਖ ਰੁਪਏ ਦੀ ਬਰਾਮਦਗੀ ਬਾਰੇ ਸ਼ਾਰਦਾ ਨੇ ਈ.ਡੀ. ਨੂੰ ਦੱਸਿਆ ਕਿ ਇਹ ਪੈਸੇ ਰੋਪੜ ਦੇ ਡੀ.ਸੀ. ਦਫ਼ਤਰ ਦੇ ਇੱਕ ਕਲਰਕ ਵੱਲੋਂ ਦਿੱਤੇ ਗਏ ਸਨ। ਇਹ ਰਕਮ ਅੰਮ੍ਰਿਤਸਰ ਵਾਸੀ ਹਰਜੀਤ ਸਿੰਘ ਦੀ ਜ਼ਮੀਨ ਦੇ ਮੁਆਵਜ਼ੇ ਦਾ ਮਾਮਲਾ ਇੱਕ ਆਈ.ਏ.ਐੱਸ. ਅਧਿਕਾਰੀ ਰਾਹੀਂ ਨਿਪਟਾਉਣ ਦੇ ਬਦਲੇ ਦਿੱਤੀ ਗਈ ਸੀ।
ਈ.ਡੀ. ਨੇ ਕ੍ਰਿਸ਼ਾਨੂ ਸ਼ਾਰਦਾ ਖ਼ਿਲਾਫ਼ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.), 2002 ਦੀਆਂ ਧਾਰਾਵਾਂ 44(1)(ਬੀ) ਅਤੇ 45 ਤਹਿਤ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।
ਜ਼ਿਕਰਯੋਗ ਹੈ ਕਿ 16 ਅਕਤੂਬਰ 2025 ਨੂੰ ਸੀ.ਬੀ.ਆਈ. ਨੇ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਾਨੂ ਸ਼ਾਰਦਾ ਨੂੰ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਸੀ ਕਿ ਉਸ ਸਮੇਂ ਰੋਪੜ ਰੇਂਜ ਦੇ ਡੀ.ਆਈ.ਜੀ. ਵਜੋਂ ਤਾਇਨਾਤ ਭੁੱਲਰ ਨੇ ਇੱਕ ਸ਼ਿਕਾਇਤਕਰਤਾ ਤੋਂ ਥਾਣਾ ਸਰਹਿੰਦ ਵਿੱਚ ਦਰਜ ਐੱਫ.ਆਈ.ਆਰ. ਵਿੱਚ ਪੱਖਪਾਤੀ ਕਾਰਵਾਈ ਕਰਨ ਅਤੇ ਉਸ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਕਦਮ ਨਾ ਚੁੱਕਣ ਬਦਲੇ ਕ੍ਰਿਸ਼ਾਨੂ ਸ਼ਾਰਦਾ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਸੀ।
ਇਸ ਮਾਮਲੇ ਵਿੱਚ ਸੀ.ਬੀ.ਆਈ. ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਤੋਂ ਬਾਅਦ ਈ.ਡੀ. ਨੇ ਵੀ ਮਨੀ ਲਾਂਡਰਿੰਗ ਦੇ ਪੱਖ ਤੋਂ ਜਾਂਚ ਸ਼ੁਰੂ ਕੀਤੀ ਸੀ। ਹੁਣ ਈ.ਡੀ. ਦੀ ਚਾਰਜਸ਼ੀਟ ਵਿੱਚ ਕੀਤੇ ਗਏ ਦਾਅਵਿਆਂ ਨਾਲ ਸਰਕਾਰੀ ਕੰਮਾਂ ਅਤੇ ਅਧਿਕਾਰੀਆਂ ਦੀਆਂ ਬਦਲੀਆਂ ਦੇ ਨਾਂ ’ਤੇ ਕਥਿਤ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਹੋਰ ਚਰਚਾ ਵਿੱਚ ਆ ਗਿਆ ਹੈ।








