ਸਿੱਧੂ ਮੂਸੇਵਾਲਾ ਕਤਲ ਕਾਂਡ: ਅਦਾਲਤ ਨੇ ਸੁਣਵਾਈ 28 ਅਗਸਤ ਤੱਕ ਟਾਲੀ

ਮਾਨਸਾ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਸੁਣਵਾਈ ਦੌਰਾਨ ਮਾਨਸਾ ਅਦਾਲਤ ਨੇ ਕੇਸ ਦੀ ਅਗਲੀ ਤਰੀਕ 28 ਅਗਸਤ ਨਿਰਧਾਰਤ ਕਰ ਦਿੱਤੀ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਅਧਿਕਾਰੀ ਗੁਰਲਾਲ ਸਿੰਘ ਅਤੇ ਹੈੱਡ ਕਾਂਸਟੇਬਲ ਬਲਤੇਜ ਸਿੰਘ ਦੇ ਬਿਆਨ ਅਜੇ ਪੂਰੀ ਤਰ੍ਹਾਂ ਦਰਜ ਨਹੀਂ ਹੋ ਸਕੇ, ਜਿਸ ਕਾਰਨ ਸੁਣਵਾਈ ਅੱਗੇ ਟਾਲੀ ਗਈ ਹੈ।

ਅੱਜ ਦੀ ਪੇਸ਼ੀ ਦੌਰਾਨ ਬਲਕੌਰ ਸਿੰਘ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ ਅਤੇ ਉਨ੍ਹਾਂ ਦੇ ਬਿਆਨ ਵੀ ਅਜੇ ਮੁਕੰਮਲ ਨਹੀਂ ਹੋਏ ਹਨ। ਕੇਸ ਨਾਲ ਸਬੰਧਤ ਚਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਦਕਿ ਹੋਰ ਮੁਲਜ਼ਮ ਵੱਖ-ਵੱਖ ਜੇਲ੍ਹਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਵਿੱਚ ਸ਼ਾਮਲ ਹੋਏ।

ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਹੋਈ ਸੁਣਵਾਈ ਦੌਰਾਨ 11 ਗਵਾਹਾਂ ਨੂੰ ਬਿਆਨ ਲਈ ਤਲਬ ਕੀਤਾ ਗਿਆ ਸੀ, ਪਰ ਕੇਵਲ ਤਿੰਨ ਗਵਾਹਾਂ ਦੀ ਹੀ ਗਵਾਹੀ ਦਰਜ ਹੋ ਸਕੀ ਸੀ। ਉਸ ਸਮੇਂ ਮੂਸੇਵਾਲਾ ਪਰਿਵਾਰ ਵੱਲੋਂ ਪੁਲਿਸ ਕੋਲੋਂ ਕੁਝ ਵਿਅਕਤੀਆਂ ਸਬੰਧੀ ਸਟੇਟਸ ਰਿਪੋਰਟ ਵੀ ਮੰਗੀ ਗਈ ਸੀ। ਇਸੇ ਦੌਰਾਨ ਨਾਮਜ਼ਦ ਵਿਅਕਤੀ ਜੀਵਨਜੋਤ ਜਗਨੂੰ ਨੂੰ ਸਬੂਤਾਂ ਦੀ ਘਾਟ ਕਾਰਨ ਬੇਕਸੂਰ ਕਰਾਰ ਦਿੱਤਾ ਗਿਆ ਸੀ।

ਗੌਰਤਲਬ ਹੈ ਕਿ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਅਣਪਛਾਤੇ ਹਮਲਾਵਰਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਸੁਣਵਾਈ ਅਜੇ ਵੀ ਅਦਾਲਤ ਵਿੱਚ ਜਾਰੀ ਹੈ।