Punjab Hightech Ambulance: ਐਮਰਜੈਂਸੀ ਵੇਲੇ ਜ਼ਿੰਦਗੀ ਬਚਾਉਣ ਦੀ ਰਫ਼ਤਾਰ ਬਣੀਆਂ ਹਾਈਟੈੱਕ ਐਂਬੂਲੈਂਸਾਂ
ਪੰਜਾਬ: ਐਮਰਜੈਂਸੀ ਦੇ ਸਮੇਂ ਹਰ ਸਕਿੰਟ ਕੀਮਤੀ ਹੁੰਦਾ ਹੈ ਅਤੇ ਅਜਿਹੇ ਮੌਕਿਆਂ ’ਤੇ ਪੰਜਾਬ ਦੀਆਂ ਹਾਈਟੈੱਕ ਐਂਬੂਲੈਂਸਾਂ ਮਰੀਜ਼ਾਂ ਲਈ ਜੀਵਨ ਰੇਖਾ ਵਜੋਂ ਕੰਮ ਕਰ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਸੇਵਾ ਸੂਬੇ ਦੇ ਐਮਰਜੈਂਸੀ ਸਿਹਤ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਇਨ੍ਹਾਂ ਐਂਬੂਲੈਂਸਾਂ ਵਿੱਚ ਜੀਵਨ-ਰੱਖਿਅਕ ਦਵਾਈਆਂ, ਆਕਸੀਜਨ ਸਿਲੰਡਰ, ਐਂਬੂ-ਬੈਗ ਅਤੇ ਮਰੀਜ਼ ਦੀ ਆਵਾਜਾਈ ’ਤੇ ਨਿਗਰਾਨੀ ਲਈ ਜੀਪੀਐੱਸ ਟਰੈਕਿੰਗ ਸਿਸਟਮ ਵਰਗੀਆਂ ਸਹੂਲਤਾਂ ਮੌਜੂਦ ਹਨ।
ਐਮਰਜੈਂਸੀ ਦੀ ਸਥਿਤੀ ਵਿੱਚ ਲੋਕ 108 ਜਾਂ 112 ਨੰਬਰ ’ਤੇ ਕਾਲ ਕਰਕੇ ਇਸ ਮੁਫ਼ਤ ਸੇਵਾ ਦੀ ਵਰਤੋਂ ਕਰ ਸਕਦੇ ਹਨ। ਕੰਟਰੋਲ ਰੂਮ, ਹਸਪਤਾਲਾਂ ਅਤੇ ਮੌਕੇ ’ਤੇ ਤਾਇਨਾਤ ਪੈਰਾਮੈਡਿਕਸ ਵਿਚਾਲੇ ਤਾਲਮੇਲ ਰਾਹੀਂ ਮਰੀਜ਼ ਨੂੰ ਜਲਦ ਤੋਂ ਜਲਦ ਲੋੜੀਂਦੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਸਿਹਤ ਵਿਭਾਗ ਦੇ ਐਂਬੂਲੈਂਸ ਬੇੜੇ ਵਿੱਚ ਸਮਾਣਾ, ਜ਼ਿਲ੍ਹਾ ਪਟਿਆਲਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਬੱਚਿਆਂ ਦੀ ਯਾਦ ਵਿੱਚ 7 ‘ਚਾਈਲਡ ਮੈਮੋਰੀਅਲ ਐਂਬੂਲੈਂਸਾਂ’ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਇਹ ਐਂਬੂਲੈਂਸਾਂ ਪੀੜਤ ਬੱਚਿਆਂ ਦੀ ਯਾਦ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸ਼ਰਧਾਂਜਲੀ ਦੇ ਰੂਪ ਵਿੱਚ ਸੇਵਾ ਨਿਭਾ ਰਹੀਆਂ ਹਨ।
ਸੜਕ ਹਾਦਸਿਆਂ ਜਾਂ ਗੰਭੀਰ ਬਿਮਾਰੀਆਂ ਨਾਲ ਜੁੜੀਆਂ ਐਮਰਜੈਂਸੀ ਸਥਿਤੀਆਂ ਵਿੱਚ ਮਰੀਜ਼ ਨੂੰ ‘ਗੋਲਡਨ ਆਵਰ’ ਦੌਰਾਨ ਹਸਪਤਾਲ ਤੱਕ ਪਹੁੰਚਾਉਣਾ ਇਸ ਸੇਵਾ ਦੀ ਮੁੱਖ ਤਰਜੀਹ ਹੈ। ਮੌਜੂਦਾ ਸਮੇਂ ਵਿੱਚ ਹਾਈਟੈੱਕ ਐਂਬੂਲੈਂਸਾਂ ਸ਼ਹਿਰੀ ਇਲਾਕਿਆਂ ਵਿੱਚ ਲਗਪਗ 15 ਮਿੰਟ ਅਤੇ ਦੂਰ-ਦੁਰਾਡੇ ਪੇਂਡੂ ਖੇਤਰਾਂ ਵਿੱਚ ਕਰੀਬ 20 ਮਿੰਟ ਦੇ ਅੰਦਰ ਮਰੀਜ਼ ਤੱਕ ਪਹੁੰਚਣ ਦੀ ਸਮਰੱਥਾ ਰੱਖਦੀਆਂ ਹਨ। ਸਰਕਾਰ ਵੱਲੋਂ ਭਵਿੱਖ ਵਿੱਚ ਇਸ ਰਿਸਪਾਂਸ ਟਾਈਮ ਨੂੰ ਘਟਾ ਕੇ 10 ਮਿੰਟ ਤੱਕ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਉਦੇਸ਼ ਐਮਰਜੈਂਸੀ ਮੈਡੀਕਲ ਸਹਾਇਤਾ ਵਿੱਚ ਦੇਰੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਅਤੇ ਹਰ ਨਾਗਰਿਕ ਤੱਕ ਸਮੇਂ ਸਿਰ ਇਲਾਜ ਦੀ ਸਹੂਲਤ ਪਹੁੰਚਾਉਣਾ ਹੈ। ਹਾਈਟੈੱਕ ਐਂਬੂਲੈਂਸ ਸੇਵਾ ਰਾਹੀਂ ਦੂਰ-ਦੁਰਾਡੇ ਅਤੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਵੀ ਮੁਫ਼ਤ ਐਮਰਜੈਂਸੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਪਹਿਲਕਦਮੀ ਸੂਬੇ ਦੇ ਐਮਰਜੈਂਸੀ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਮੰਨੀ ਜਾ ਰਹੀ ਹੈ।







