Women’s Asia Cup: ਹਾਂਗ ਕਾਂਗ ‘ਤੇ 137 ਦੌੜਾਂ ਦੀ ਸ਼ਾਨਦਾਰ ਜਿੱਤ, ਭਾਰਤ ਸੈਮੀਫਾਈਨਲ ‘ਚ

India Women Asia Cup: ਦੁਬਈ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੀ-20 ਦੇ ਗਰੁੱਪ-ਏ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਹਾਂਗ ਕਾਂਗ ਨੂੰ 137 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਇਸ ਸ਼ਾਨਦਾਰ ਜਿੱਤ ਵਿੱਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਧਮਾਕੇਦਾਰ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਬਿਹਤਰੀਨ ਪ੍ਰਦਰਸ਼ਨ ਨੇ ਅਹਿਮ ਭੂਮਿਕਾ ਨਿਭਾਈ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 193 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 64 ਗੇਂਦਾਂ ’ਚ 124 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 14 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਉਸ ਨੇ ਸ਼ੈਫਾਲੀ ਵਰਮਾ ਨਾਲ ਪਹਿਲੀ ਵਿਕਟ ਲਈ 74 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਸ਼ੈਫਾਲੀ ਨੇ 17 ਗੇਂਦਾਂ ’ਤੇ 28 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਪ੍ਰਤਿਕਾ ਰਾਵਲ ਨੇ 10, ਰਿਚਾ ਘੋਸ਼ ਨੇ 11 ਅਤੇ ਹਰਮਨਪ੍ਰੀਤ ਕੌਰ ਨੇ 10 ਦੌੜਾਂ ਦਾ ਯੋਗਦਾਨ ਦਿੱਤਾ। ਹਾਂਗ ਕਾਂਗ ਵੱਲੋਂ ਮਰੀਨਾ ਲੈਂਪਲੋ ਨੇ ਦੋ ਵਿਕਟਾਂ ਹਾਸਲ ਕੀਤੀਆਂ।

194 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹਾਂਗ ਕਾਂਗ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਅਤੇ 16.2 ਓਵਰਾਂ ਵਿੱਚ ਸਿਰਫ਼ 56 ਦੌੜਾਂ ’ਤੇ ਆਲ ਆਊਟ ਹੋ ਗਈ। ਟੀਮ ਦੇ ਆਖ਼ਰੀ ਛੇ ਵਿਕਟਾਂ ਸਿਰਫ਼ ਚਾਰ ਦੌੜਾਂ ਦੇ ਅੰਦਰ ਡਿੱਗ ਗਈਆਂ। ਕਪਤਾਨ ਨਤਾਸ਼ਾ ਮਾਈਲਸ 15 ਦੌੜਾਂ ਨਾਲ ਸਭ ਤੋਂ ਵੱਧ ਸਕੋਰ ਬਣਾਉਣ ਵਾਲੀ ਬੱਲੇਬਾਜ਼ ਰਹੀ।

ਭਾਰਤ ਲਈ ਦੀਪਤੀ ਸ਼ਰਮਾ ਨੇ 9 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਮ ਕੀਤੀਆਂ। ਨੰਦਿਨੀ ਸ਼ਰਮਾ, ਪ੍ਰੇਮਾ ਰਾਵਤ ਅਤੇ ਸ੍ਰੀ ਚਰਨੀ ਨੇ ਦੋ-ਦੋ ਵਿਕਟਾਂ ਹਾਸਲ ਕਰਕੇ ਹਾਂਗ ਕਾਂਗ ਦੀ ਬੱਲੇਬਾਜ਼ੀ ਲਾਈਨਅੱਪ ਨੂੰ ਢੇਰ ਕਰ ਦਿੱਤਾ।

ਇਸ ਜਿੱਤ ਨਾਲ ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਹੁਣ ਭਾਰਤ ਆਪਣਾ ਅਗਲਾ ਅਤੇ ਗਰੁੱਪ ਪੜਾਅ ਦਾ ਆਖ਼ਰੀ ਮੈਚ ਪਾਕਿਸਤਾਨ ਖ਼ਿਲਾਫ਼ ਖੇਡੇਗਾ।