ਚੰਡੀਗੜ੍ਹ—ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਜ਼ਿਲ੍ਹਾ-ਵਾਰ ਚੇਤਾਵਨੀ ਅਨੁਸਾਰ ਪੰਜਾਬ ਵਿੱਚ ਅੱਜ ਤੋਂ 12 ਜੂਨ ਤੱਕ ਮੌਸਮ ਦਾ ਮਿਜ਼ਾਜ ਬਦਲਦਾ ਰਹੇਗਾ।
ਵਿਭਾਗ ਦੇ ਅਨੁਸਾਰ ਅਗਲੇ ਤਿੰਨ ਦਿਨ ਤੱਕ ਸੂਬੇ ਵਿੱਚ ਲੂ ਦਾ ਪ੍ਰਭਾਵ ਜਾਰੀ ਰਹੇਗਾ। ਇਸ ਦੌਰਾਨ 11 ਅਤੇ 12 ਜੂਨ ਨੂੰ ਮੌਸਮ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ, ਜਦੋਂ ਤੇਜ਼ ਹਵਾਵਾਂ, ਹਨ੍ਹੇਰੀ ਅਤੇ ਗਰਜ-ਚਮਕ ਦੇ ਨਾਲ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਅੱਜ ਕਈ ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਅਲਰਟ ਹੈ, ਹਾਲਾਂਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਵਿੱਚ ਕਿਸੇ ਖਾਸ ਚਿਤਾਵਨੀ ਦੀ ਗੱਲ ਨਹੀਂ ਕੀਤੀ ਗਈ। 9 ਜੂਨ ਨੂੰ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਵਿੱਚ ਤੇਜ਼ ਲੂ ਰਹੇਗੀ, ਜਦਕਿ 10 ਜੂਨ ਨੂੰ ਪੂਰੇ ਪੰਜਾਬ ਲਈ ਯੈਲੋ ਅਲਰਟ ਜਾਰੀ ਹੈ।
ਮੌਸਮ ਵਿਭਾਗ ਨੇ ਸਲਾਹ ਦਿੱਤੀ ਹੈ ਕਿ 10 ਜੂਨ ਤੱਕ ਦੁਪਹਿਰ 12 ਤੋਂ 4 ਵਜੇ ਦੇ ਦਰਮਿਆਨ ਧੁੱਪ ਅਤੇ ਗਰਮੀ ਤੋਂ ਬਚਿਆ ਜਾਵੇ ਅਤੇ ਬਿਨਾਂ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਿਆ ਜਾਵੇ।
11 ਅਤੇ 12 ਜੂਨ ਨੂੰ ਮੌਸਮ ਬਦਲਣ ਨਾਲ ਕਈ ਇਲਾਕਿਆਂ ਵਿੱਚ ਗਰਜ-ਚਮਕ ਅਤੇ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਨਾਲ ਤਾਪਮਾਨ ਵਿੱਚ ਕਮੀ ਆਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਫਤਹਿਗੜ੍ਹ ਸਾਹਿਬ, ਲੁਧਿਆਣਾ ਅਤੇ ਐਸ.ਏ.ਐਸ. ਨਗਰ ਵਿੱਚ 50–60 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦਾ ਓਰੇਂਜ ਅਲਰਟ ਹੈ। ਬਾਕੀ ਜ਼ਿਲ੍ਹਿਆਂ ਵਿੱਚ ਵੀ ਮੀਂਹ ਅਤੇ ਹਨ੍ਹੇਰੀ ਦੀ ਸੰਭਾਵਨਾ ਦਰਸਾਈ ਗਈ ਹੈ।
12 ਜੂਨ ਨੂੰ ਵੀ ਇਹੀ ਮੌਸਮੀ ਹਾਲਾਤ ਜਾਰੀ ਰਹਿ ਸਕਦੇ ਹਨ, ਜਦੋਂ ਪੂਰੇ ਸੂਬੇ ਵਿੱਚ ਤੇਜ਼ ਹਵਾਵਾਂ ਅਤੇ ਕਈ ਥਾਵਾਂ ‘ਤੇ ਬਾਰਿਸ਼ ਦੀ ਸੰਭਾਵਨਾ ਬਣੀ ਰਹੇਗੀ।



