ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭਲਕੇ ਸ਼ਨੀਵਾਰ ਨੂੰ ਬਿਜਲੀ ਖਪਤਕਾਰਾਂ ਨੂੰ ਲੰਬੇ ਪਾਵਰ ਕੱਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਲਾਈਨਾਂ ਅਤੇ ਸਬ-ਸਟੇਸ਼ਨਾਂ ਦੀ ਜ਼ਰੂਰੀ ਮੁਰੰਮਤ ਦੇ ਮੱਦੇਨਜ਼ਰ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆਂ ਅਤੇ ਬਿਜਲੀ ਬੰਦ ਰਹਿਣ ਦੇ ਸਮੇਂ ਸਬੰਧੀ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਆਓ ਜਾਣਦੇ ਹਾਂ ਕਿਹੜੇ ਇਲਾਕਿਆਂ ਵਿੱਚ ਕਿੰਨੇ ਸਮੇਂ ਲਈ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਤਲਵੰਡੀ ਭਾਈ ਦੇ ਕਈ ਇਲਾਕਿਆਂ ‘ਚ 7 ਘੰਟੇ ਬਿਜਲੀ ਰਹੇਗੀ ਬੰਦ
ਤਲਵੰਡੀ ਭਾਈ: ਪਾਵਰਕਾਮ ਦੇ ਤਲਵੰਡੀ ਭਾਈ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ 31 ਅਕਤੂਬਰ ਨੂੰ 220 ਕੇ.ਵੀ. ਸਬ-ਸਟੇਸ਼ਨ ਕੋਟਕਰੋੜ ਵਿਖੇ ਜ਼ਰੂਰੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ। ਇਸ ਸਬੰਧੀ ਐੱਸ.ਡੀ.ਓ. ਸੁਨੀਲ ਅਰੋੜਾ ਨੇ ਦੱਸਿਆ ਕਿ ਮੁਰੰਮਤ ਕਾਰਨ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਪਾਵਰ ਕੱਟ ਦਾ ਅਸਰ 11 ਕੇ.ਵੀ. ਲੱਲੇ, ਤੂੰਬੜਭੰਨ (ਏ.ਪੀ.), ਤਲਵੰਡੀ ਸ਼ਹਿਰ, ਸਬ-ਸਟੇਸ਼ਨ, ਪਤਲੀ, ਚੋਟੀਆਂ, ਹਰਾਜ (ਏ.ਪੀ.), ਮਾਛੀਬੁਗਰਾ (ਏ.ਪੀ.) ਅਤੇ ਭੋਲੂਵਾਲਾ ਫੀਡਰਾਂ ਨਾਲ ਸਬੰਧਤ ਇਲਾਕਿਆਂ ‘ਤੇ ਪਵੇਗਾ।
ਪਾਵਰਕਾਮ ਅਧਿਕਾਰੀਆਂ ਨੇ ਇਨ੍ਹਾਂ ਫੀਡਰਾਂ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਬੰਦ ਰਹਿਣ ਦੇ ਨਿਰਧਾਰਤ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਪੂਰੇ ਕਰ ਲੈਣ।
ਨੂਰਪੁਰਬੇਦੀ ਦੇ ਪਿੰਡਾਂ ‘ਚ ਵੀ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ
ਨੂਰਪੁਰਬੇਦੀ: ਬਿਜਲੀ ਲਾਈਨਾਂ ਦੀ ਮੁਰੰਮਤ ਦੇ ਚੱਲਦਿਆਂ 31 ਅਕਤੂਬਰ ਨੂੰ 11 ਕੇ.ਵੀ. ਪਲਾਟਾ ਫੀਡਰ ਨਾਲ ਜੁੜੇ ਕਈ ਪਿੰਡਾਂ ਵਿੱਚ ਵੀ ਬਿਜਲੀ ਸਪਲਾਈ ਬੰਦ ਰਹੇਗੀ।
ਐੱਸ.ਡੀ.ਓ. ਇੰਜਨੀਅਰ ਰਾਜੇਸ਼ ਸ਼ਰਮਾ ਦੇ ਹਵਾਲੇ ਨਾਲ ਜੇ.ਈ. ਲਖਵੀਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪਿੰਡ ਕਾਹਨਪੁਰ ਖੂਹੀ, ਪਲਾਟਾ, ਸਮੁੰਦੜੀਆਂ, ਹਰੀਪੁਰ, ਭਨੂੰਹਾਂ ਅਤੇ ਇਸ ਫੀਡਰ ਅਧੀਨ ਆਉਣ ਵਾਲੇ ਕਰੈਸ਼ਰਾਂ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ।
ਅਧਿਕਾਰੀਆਂ ਮੁਤਾਬਕ ਮੁਰੰਮਤ ਦੇ ਕੰਮ ਦੀ ਪ੍ਰਗਤੀ ਅਨੁਸਾਰ ਬਿਜਲੀ ਕੱਟ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਇਸ ਲਈ ਸਬੰਧਤ ਇਲਾਕਿਆਂ ਦੇ ਖਪਤਕਾਰਾਂ ਨੂੰ ਪਹਿਲਾਂ ਤੋਂ ਹੀ ਲੋੜੀਂਦੇ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਗਈ ਹੈ।







