ਦਿੱਲੀ ’ਚ ਪ੍ਰਦੂਸ਼ਣ ਦਾ ਕਹਿਰ, ਧੂੰਏਂ ਦੀ ਸੰਘਣੀ ਚਾਦਰ ਨੇ ਘੇਰੀ ਕੌਮੀ ਰਾਜਧਾਨੀ

ਦਿੱਲੀ ’ਚ ਪ੍ਰਦੂਸ਼ਣ ਦਾ ਕਹਿਰ ਜਾਰੀ, ਕਈ ਇਲਾਕਿਆਂ ’ਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’

ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਧੂੰਏਂ ਦੀ ਸੰਘਣੀ ਪਰਤ ਛਾਈ ਰਹੀ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਜ਼ੀਰਪੁਰ ਵਿੱਚ ਅੱਜ ਸਵੇਰੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 327 ਦਰਜ ਕੀਤਾ ਗਿਆ।

ਖੇਤਰ ਦੇ ਕੁਝ ਹਿੱਸਿਆਂ ਵਿੱਚ ਬੱਦਲਵਾਈ ਹੋਣ ਦੇ ਬਾਵਜੂਦ ਪ੍ਰਦੂਸ਼ਣ ਦੇ ਪੱਧਰ ਵਿੱਚ ਕੋਈ ਖ਼ਾਸ ਕਮੀ ਨਹੀਂ ਆਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਬੁੱਧਵਾਰ ਸਵੇਰੇ 8 ਵਜੇ ਦਿੱਲੀ ਦਾ ਔਸਤ ਏਕਿਊਆਈ 306 ਰਿਹਾ, ਜੋ ਮੰਗਲਵਾਰ ਨੂੰ ਦਰਜ ਕੀਤੇ ਗਏ 294 ਦੇ ਮੁਕਾਬਲੇ ਵੱਧ ਹੈ। ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ‘ਮਾੜੀ’ ਸ਼੍ਰੇਣੀ ਵਿੱਚ ਸੀ, ਜਦਕਿ ਬੁੱਧਵਾਰ ਨੂੰ ਇਹ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਪਹੁੰਚ ਗਈ।

ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਏਕਿਊਆਈ 226 ਤੋਂ 308 ਦੇ ਵਿਚਕਾਰ ਦਰਜ ਕੀਤਾ ਗਿਆ। ਆਨੰਦ ਵਿਹਾਰ ਵਿੱਚ 307, ਆਰਕੇ ਪੁਰਮ ਵਿੱਚ 308, ਅਸ਼ੋਕ ਵਿਹਾਰ ਵਿੱਚ 302, ਬਵਾਨਾ ਵਿੱਚ 322, ਨਹਿਰੂ ਨਗਰ ਵਿੱਚ 294, ਅਕਸ਼ਰਧਾਮ ਖੇਤਰ ਵਿੱਚ 307 ਅਤੇ ਇੰਡੀਆ ਗੇਟ ਨੇੜੇ 282 ਏਕਿਊਆਈ ਦਰਜ ਹੋਇਆ।

ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਮੀਰ ਐਪ ਦੇ ਅੰਕੜਿਆਂ ਮੁਤਾਬਕ, ਕਈ ਯਤਨਾਂ ਦੇ ਬਾਵਜੂਦ ਦਿੱਲੀ ਦੇ 38 ਨਿਗਰਾਨੀ ਕੇਂਦਰਾਂ ਵਿੱਚੋਂ 11 ’ਤੇ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ।

ਪ੍ਰਦੂਸ਼ਣ ਘਟਾਉਣ ਲਈ ਮੈਟਰੋ ਦੇ ਵਧਾਏ ਜਾਣਗੇ ਗੇੜੇ

ਦਿੱਲੀ ਵਿੱਚ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਦਿੱਲੀ ਮੈਟਰੋ ਨੇ 40 ਵਾਧੂ ਗੇੜੇ ਲਾਉਣ ਦਾ ਫ਼ੈਸਲਾ ਕੀਤਾ ਹੈ। ਮੈਟਰੋ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਨ, ਤਾਂ ਜੋ ਸ਼ਹਿਰ ਵਿੱਚ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ।

ਦਿੱਲੀ ਮੈਟਰੋ ਦੇ ਡਾਇਰੈਕਟਰ ਵਿਕਾਸ ਕੁਮਾਰ ਨੇ ਧੂੜ ਪ੍ਰਦੂਸ਼ਣ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣ ਵਾਸਤੇ ਉੱਤਰੀ ਦਿੱਲੀ ਦੇ ਅਸ਼ੋਕ ਵਿਹਾਰ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਉਸਾਰੀ ਅਧੀਨ ਕ੍ਰਿਸ਼ਨਾ ਪਾਰਕ ਐਕਸਟੈਂਸ਼ਨ-ਆਰਕੇ ਆਸ਼ਰਮ ਮਾਰਗ ਕੌਰੀਡੋਰ ਦਾ ਵੀ ਨਿਰੀਖਣ ਕੀਤਾ।

ਫਰੀਦਾਬਾਦ ਵਿੱਚ ਵੀ ਪ੍ਰਦੂਸ਼ਣ ਤੋਂ ਰਾਹਤ ਨਹੀਂ

ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ ਵਿੱਚ ਵੀ ਹਵਾ ਦੀ ਗੁਣਵੱਤਾ ਚਿੰਤਾਜਨਕ ਬਣੀ ਹੋਈ ਹੈ। ਇੱਥੇ ਏਕਿਊਆਈ 277 ਦਰਜ ਕੀਤਾ ਗਿਆ, ਜਦਕਿ ਬੱਲਭਗੜ੍ਹ ਦੀ ਨੱਥੂ ਕਲੋਨੀ ਵਿੱਚ ਇਹ ਅੰਕੜਾ 300 ਦੇ ਕਰੀਬ ਰਿਹਾ।

ਪ੍ਰਦੂਸ਼ਣ ਨੂੰ ਘਟਾਉਣ ਲਈ ਫਰੀਦਾਬਾਦ ਨਗਰ ਨਿਗਮ ਵੱਲੋਂ ਐਨਆਈਟੀ ਖੇਤਰ ਵਿੱਚ ਸਮੌਗ ਗੰਨਾਂ ਰਾਹੀਂ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੇ ਕੌਂਸਲਰ ਜਸਵੰਤ ਸਿੰਘ ਨਾਗਰਾ ਨੇ ਦੱਸਿਆ ਕਿ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਨਿਗਮ ਵੱਲੋਂ ਹੋਰ ਵੀ ਕਈ ਕਦਮ ਚੁੱਕੇ ਜਾ ਰਹੇ ਹਨ।