ਚੰਡੀਗੜ੍ਹ: ਹੋਟਲ ਵੱਲੋਂ ਬੁਕਿੰਗ ਰਾਸ਼ੀ ਵਾਪਸ ਨਾ ਕਰਨ ’ਤੇ ਖਪਤਕਾਰ ਕਮਿਸ਼ਨ ਦੀ ਕਾਰਵਾਈ, 6 ਲੱਖ ਰਿਫੰਡ ਤੇ 20 ਹਜ਼ਾਰ ਮੁਆਵਜ਼ੇ ਦੇ ਹੁਕਮ

ਕੋਵਿਡ ਕਾਰਨ ਵਿਆਹ ਸਮਾਗਮ ਰੱਦ ਹੋਣ ’ਤੇ ਹੋਟਲ ਨਹੀਂ ਰੱਖ ਸਕਦਾ ਬੁਕਿੰਗ ਦੀ ਪੂਰੀ ਰਕਮ, 6 ਲੱਖ ਵਾਪਸ ਕਰਨ ਦੇ ਹੁਕਮ

ਚੰਡੀਗੜ੍ਹ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਵਿਆਹ ਸਮਾਗਮ ਦੀ ਬੁਕਿੰਗ ਰੱਦ ਹੋਣ ਮਗਰੋਂ 6 ਲੱਖ ਰੁਪਏ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਹੋਟਲ ਲਲਿਤ ਨੂੰ ਪੂਰੀ ਰਕਮ 9 ਫ਼ੀਸਦੀ ਸਾਲਾਨਾ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਹੋਟਲ ਨੂੰ ਸ਼ਿਕਾਇਤਕਰਤਾ ਨੂੰ ਮਾਨਸਿਕ ਪਰੇਸ਼ਾਨੀ ਅਤੇ ਕਾਨੂੰਨੀ ਖ਼ਰਚਿਆਂ ਲਈ 20 ਹਜ਼ਾਰ ਰੁਪਏ ਮੁਆਵਜ਼ਾ ਵੀ ਦੇਣਾ ਪਵੇਗਾ।

ਪੰਚਕੂਲਾ ਦੇ ਸੈਕਟਰ-7 ਵਾਸੀ ਡਾ. ਯਤੀਸ਼ ਕੁਮਾਰ ਬਾਂਸਲ ਨੇ ਆਪਣੀ ਧੀ ਦੇ ਵਿਆਹ ਲਈ 29 ਅਤੇ 30 ਅਪਰੈਲ 2021 ਨੂੰ ਹੋਟਲ ਲਲਿਤ ਵਿੱਚ ਬੈਂਕੁਇਟ ਹਾਲ ਅਤੇ 10-10 ਕਮਰੇ ਬੁੱਕ ਕਰਵਾਏ ਸਨ। ਇਸ ਲਈ ਉਨ੍ਹਾਂ ਨੇ 6 ਲੱਖ ਰੁਪਏ ਦੀ ਪੂਰੀ ਅਦਾਇਗੀ ਕੀਤੀ ਸੀ। ਪਰ ਕੋਵਿਡ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਮਾਗਮ ਰੱਦ ਕਰਨਾ ਪਿਆ। ਹੋਟਲ ਨੇ ਰਕਮ ਵਾਪਸ ਕਰਨ ਦੀ ਬਜਾਏ ਕ੍ਰੈਡਿਟ ਨੋਟ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਸ਼ਿਕਾਇਤਕਰਤਾ ਨੇ ਸਵੀਕਾਰ ਨਹੀਂ ਕੀਤਾ।

ਹੋਟਲ ਪ੍ਰਬੰਧਕਾਂ ਨੇ ਦਲੀਲ ਦਿੱਤੀ ਕਿ ਇਕਰਾਰਨਾਮੇ ਅਨੁਸਾਰ ਬੁਕਿੰਗ ਰੱਦ ਕਰਨ ’ਤੇ ਪੂਰੀ ਰਕਮ ਕੱਟਣ ਦੀ ਸ਼ਰਤ ਸੀ ਅਤੇ ਅਚਾਨਕ ਰੱਦ ਹੋਣ ਕਾਰਨ ਉਨ੍ਹਾਂ ਨੂੰ ਕਾਰੋਬਾਰੀ ਨੁਕਸਾਨ ਹੋਇਆ। ਹਾਲਾਂਕਿ ਕਮਿਸ਼ਨ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ।

ਕਮਿਸ਼ਨ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕੋਵਿਡ ਕਾਰਨ ਪੈਦਾ ਹੋਏ ਹਾਲਾਤ ਵਿੱਚ ਬੁਕਿੰਗ ਰੱਦ ਕਰਨਾ ਵਾਜਬ ਸੀ। ਹੋਟਲ ਸੇਵਾਵਾਂ ਪ੍ਰਦਾਨ ਨਾ ਕਰਨ ਦੇ ਬਾਵਜੂਦ ਪੂਰੀ ਰਕਮ ਆਪਣੇ ਕੋਲ ਨਹੀਂ ਰੱਖ ਸਕਦਾ। ਨਾਲ ਹੀ ਹੋਟਲ ਪ੍ਰਬੰਧਕ ਆਪਣੇ ਕਿਸੇ ਅਸਲ ਵਿੱਤੀ ਨੁਕਸਾਨ ਦਾ ਸਬੂਤ ਵੀ ਪੇਸ਼ ਨਹੀਂ ਕਰ ਸਕੇ।

ਇਸ ਆਧਾਰ ’ਤੇ ਕਮਿਸ਼ਨ ਨੇ ਹੋਟਲ ਨੂੰ 6 ਲੱਖ ਰੁਪਏ 9 ਫ਼ੀਸਦੀ ਸਾਲਾਨਾ ਵਿਆਜ ਸਮੇਤ ਵਾਪਸ ਕਰਨ ਅਤੇ 20 ਹਜ਼ਾਰ ਰੁਪਏ ਮੁਆਵਜ਼ਾ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।