ਨੌਜਵਾਨਾਂ ਨਾਲ ਜੁੜਨ ਲਈ PM ਮੋਦੀ ਦੀ ਨਵੀਂ ਪਹਿਲ, ਇੰਸਟਾਗ੍ਰਾਮ ਰੀਲਾਂ ਮਗਰੋਂ ਹੁਣ ਗੇਮਿੰਗ ’ਤੇ ਫੋਕਸ

GTA ਗੇਮ ਦੇ ਪੋਸਟਰਾਂ ਰਾਹੀਂ PM ਮੋਦੀ ਦਾ ਨੌਜਵਾਨਾਂ ਨਾਲ ਸੰਵਾਦ, ਭਾਰਤ ਦੇ ਵਿਕਾਸ ਦੀ ਤਸਵੀਰ ਕੀਤੀ ਸਾਂਝੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੌਜਵਾਨ ਪੀੜ੍ਹੀ (Gen-Z) ਨਾਲ ਜੁੜਨ ਲਈ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਗੇਮਿੰਗ ਨੂੰ ਵੀ ਸੰਚਾਰ ਦਾ ਸਾਧਨ ਬਣਾਇਆ ਜਾ ਰਿਹਾ ਹੈ। ਇੰਸਟਾਗ੍ਰਾਮ ’ਤੇ ਰੀਲਾਂ ਅਤੇ ਸੈਲਫੀ ਪੋਸਟਾਂ ਤੋਂ ਬਾਅਦ ਮੋਦੀ ਨੇ ਮਸ਼ਹੂਰ ਵੀਡੀਓ ਗੇਮ ‘ਗ੍ਰੈਂਡ ਥੈਫਟ ਆਟੋ’ (GTA) ਦੀ ਥੀਮ ਰਾਹੀਂ ਭਾਰਤ ਦੀ ਵਿਕਾਸ ਯਾਤਰਾ ਨੂੰ ਪੇਸ਼ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਐਕਸ (X) ਅਕਾਊਂਟ ’ਤੇ ਦੋ ਪੋਸਟਰ ਸਾਂਝੇ ਕਰਦਿਆਂ ਲਿਖਿਆ, “ਭਾਰਤ ਹੁਣ ਇੱਕ ਬਿਲਕੁਲ ਨਵੀਂ ਖੇਡ ਖੇਡ ਰਿਹਾ ਹੈ।” ਇਨ੍ਹਾਂ ਪੋਸਟਰਾਂ ਵਿੱਚ GTA-V ਅਤੇ GTA-VI ਵਿਚਕਾਰਲੇ ਸਮੇਂ ਦੌਰਾਨ ਭਾਰਤ ਵਿੱਚ ਹੋਏ ਬਦਲਾਅ ਨੂੰ ਦਰਸਾਇਆ ਗਿਆ ਹੈ। ਪੋਸਟਰਾਂ ਰਾਹੀਂ ਭਾਰਤ ਦੇ ਅਰਥਚਾਰੇ, ਪੁਲਾੜ, ਹਵਾਬਾਜ਼ੀ, ਰੇਲਵੇ, ਮੋਬਾਈਲ ਨੈੱਟਵਰਕ, ਸੜਕਾਂ ਅਤੇ ਜਲ ਮਾਰਗਾਂ ਦੇ ਵਿਕਾਸ ਨੂੰ ਉਭਾਰਿਆ ਗਿਆ ਹੈ।

ਇਨ੍ਹਾਂ ਪੋਸਟਰਾਂ ਵਿੱਚ ਭਾਰਤ ਨੂੰ ਪਹਿਲਾਂ ਦੇ ‘ਫ੍ਰੈਜਾਈਲ ਫਾਈਵ’ ਅਰਥਚਾਰਿਆਂ ਦੀ ਸੂਚੀ ਤੋਂ ਦੁਨੀਆ ਦੇ ਤੇਜ਼ੀ ਨਾਲ ਵਿਕਾਸ ਕਰ ਰਹੇ ਵੱਡੇ ਅਰਥਚਾਰਿਆਂ ਵਿੱਚ ਸ਼ਾਮਲ ਹੋਣ ਤੱਕ ਦਾ ਸਫ਼ਰ ਤੈਅ ਕਰਦਾ ਦਿਖਾਇਆ ਗਿਆ ਹੈ। ਇਸ ਨੂੰ ਵਿਦੇਸ਼ ਦੌਰੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਭਾਰਤੀ ਅਰਥਚਾਰੇ ਬਾਰੇ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੀ ਪ੍ਰਧਾਨ ਮੰਤਰੀ ਨੇ ਗਰੀਬੀ ਘਟਾਉਣ ਲਈ ਸਰਕਾਰ ਅਤੇ ਅਫ਼ਸਰਸ਼ਾਹੀ ਦੇ ਯਤਨਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਅਨੁਸਾਰ ਕਰੀਬ 50 ਕਰੋੜ ਲੋਕਾਂ ਨੂੰ ਅਤਿ ਦੀ ਗਰੀਬੀ ਵਿੱਚੋਂ ਬਾਹਰ ਕੱਢਣ ਵਿੱਚ ਸਫਲਤਾ ਮਿਲੀ ਹੈ। ਇਸ ਸਬੰਧੀ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ। ਦੂਜੇ ਪਾਸੇ ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ਦੌਰਾਨ ਭਾਰਤੀ ਅਰਥਚਾਰੇ ਦੀ ਸਥਿਤੀ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਸਵਾਲ ਚੁੱਕ ਰਹੇ ਹਨ।