ਪਟਿਆਲਾ-ਬਠਿੰਡਾ ਕੌਮੀ ਮਾਰਗ ’ਤੇ ਵੱਡਾ ਹਾਦਸਾ: ਭਾਖੜਾ ਨਹਿਰ ਦਾ ਪੁਲ ਡਿੱਗਿਆ, ਦੋ ਟਰੱਕ ਮਲਬੇ ਹੇਠ ਫਸੇ

ਪਟਿਆਲਾ ਨੇੜੇ ਭਾਖੜਾ ਨਹਿਰ ’ਤੇ ਬਣਿਆ ਪੁਲ ਡਿੱਗਿਆ, ਦੋ ਰੇਤ ਨਾਲ ਭਰੇ ਟਰੱਕ ਮਲਬੇ ’ਚ ਫਸੇ; ਇੱਕ ਨੂੰ ਲੱਗੀ ਅੱਗ

ਪਟਿਆਲਾ-ਸੰਗਰੂਰ-ਬਠਿੰਡਾ ਕੌਮੀ ਮਾਰਗ ’ਤੇ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ ਉੱਪਰ ਬਣਿਆ ਬੇਲੀ ਪੁਲ ਵੀਰਵਾਰ ਸਵੇਰੇ ਕਰੀਬ 6 ਵਜੇ ਅਚਾਨਕ ਢਹਿ ਗਿਆ। ਹਾਦਸੇ ਸਮੇਂ ਪੁਲ ਤੋਂ ਲੰਘ ਰਹੇ ਤਿੰਨ ਵਾਹਨਾਂ ਵਿੱਚੋਂ ਇੱਕ ਟਰੱਕ ਚਾਲਕ ਗੱਡੀ ਕੱਢਣ ਵਿੱਚ ਸਫਲ ਰਿਹਾ, ਜਦਕਿ ਰੇਤ ਨਾਲ ਭਰੇ ਦੋ ਟਰੱਕ ਪੁਲ ਸਮੇਤ ਹੇਠਾਂ ਡਿੱਗ ਕੇ ਮਲਬੇ ਵਿੱਚ ਫਸ ਗਏ। ਇਨ੍ਹਾਂ ਵਿੱਚੋਂ ਇੱਕ ਟਰੱਕ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਇੱਕ ਡਰਾਈਵਰ ਜ਼ਖ਼ਮੀ ਹੋਇਆ, ਜਿਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ।

ਮੁੱਢਲੀ ਜਾਣਕਾਰੀ ਅਨੁਸਾਰ ਪੁਲ ਜ਼ਿਆਦਾ ਭਾਰ ਕਾਰਨ ਡਿੱਗਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨਾਂ ਦੀ ਪੁਸ਼ਟੀ ਤਕਨੀਕੀ ਜਾਂਚ ਤੋਂ ਬਾਅਦ ਹੀ ਹੋਵੇਗੀ। ਹਾਦਸੇ ਮਗਰੋਂ ਪੁਲ ਦੇ ਮਲਬੇ ਵਿੱਚ ਫਸੇ ਇੱਕ ਟਰੱਕ ਨੂੰ ਅੱਗ ਲੱਗ ਗਈ, ਜਿਸ ’ਤੇ ਫਾਇਰ ਬ੍ਰਿਗੇਡ ਨੇ ਕਾਬੂ ਪਾਇਆ। ਜ਼ਖ਼ਮੀ ਡਰਾਈਵਰ ਦੀ ਪਛਾਣ ਗੁਰਜੰਟ ਸਿੰਘ ਵਾਸੀ ਭਾਈ ਰੂਪਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ, ਜ਼ਿਲ੍ਹਾ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਹਾਦਸੇ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਰੋਕ ਕੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਗਿਆ। ਦੱਸਿਆ ਜਾਂਦਾ ਹੈ ਕਿ ਪੁਲ ਦਾ ਲੋਹੇ ਦਾ ਢਾਂਚਾ ਨਹਿਰ ਵਿੱਚ ਪੂਰੀ ਤਰ੍ਹਾਂ ਰੁੜ੍ਹਨ ਤੋਂ ਬਚ ਗਿਆ, ਪਰ ਇੱਕ ਟਰੱਕ ਅੱਗ ਲੱਗਣ ਕਾਰਨ ਨੁਕਸਾਨਿਆ ਗਿਆ।

ਜ਼ਿਕਰਯੋਗ ਹੈ ਕਿ ਇਹ ਕੌਮੀ ਮਾਰਗ ਅਤੇ ਪੁਲ ਸਾਲ 2016 ਵਿੱਚ ਬਣਾਇਆ ਗਿਆ ਸੀ। ਕਰੀਬ ਦਸ ਸਾਲਾਂ ਬਾਅਦ ਪੁਲ ਦੇ ਡਿੱਗਣ ਨਾਲ ਇਸ ਦੀ ਮਜ਼ਬੂਤੀ ਅਤੇ ਉਸਾਰੀ ਦੀ ਗੁਣਵੱਤਾ ’ਤੇ ਸਵਾਲ ਉੱਠਣ ਲੱਗੇ ਹਨ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਮੌਕੇ ’ਤੇ ਪਹੁੰਚ ਕੇ ਭਾਖੜਾ ਨਹਿਰ ਦੇ ਨੁਕਸਾਨੇ ਕੰਢਿਆਂ ਨੂੰ ਤੁਰੰਤ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਕੰਢਿਆਂ ਦੀ ਸਮੇਂ ਸਿਰ ਮੁਰੰਮਤ ਨਾ ਹੋਣ ’ਤੇ ਨਹਿਰ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਹੋ ਸਕਿਆ।