Arshdeep Singh Dang: ਚੰਡੀਗੜ੍ਹ ਵਿੱਚ ਜਨਮੇ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ (RAF) ਵਿੱਚ ਇੱਕ ਵਿਲੱਖਣ ਉਪਲਬਧੀ ਹਾਸਲ ਕਰਦਿਆਂ ਇਤਿਹਾਸ ਰਚ ਦਿੱਤਾ ਹੈ। 28 ਸਾਲਾ ਅਰਸ਼ਦੀਪ ਦੂਜੇ ਵਿਸ਼ਵ ਯੁੱਧ ਤੋਂ ਬਾਅਦ RAF ਵਿੱਚ ਲੜਾਕੂ ਪਾਇਲਟ ਵਜੋਂ ਯੋਗਤਾ ਪ੍ਰਾਪਤ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਬਣੇ ਹਨ।
ਰਾਇਲ ਏਅਰ ਫੋਰਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਇਹ ਪਹਿਲੀ ਵਾਰ ਹੈ ਕਿ ਜੰਗ-ਬਾਅਦ ਦੇ ਦੌਰ ਵਿੱਚ ਕਿਸੇ ਸਿੱਖ ਅਧਿਕਾਰੀ ਨੇ ਫਾਈਟਰ ਸਕੁਐਡਰਨ ਲਈ ਲੋੜੀਂਦੀ ਯੋਗਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਉੱਤਰੀ ਵੇਲਜ਼ ਦੇ RAF ਵੈਲੀ ਏਅਰਬੇਸ ਵਿਖੇ ਆਯੋਜਿਤ ਫਾਸਟ ਜੈੱਟ ਪਾਇਲਟ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਆਪਣੀ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ।
ਅਰਸ਼ਦੀਪ ਸਿੰਘ ਦਾ ਪਰਿਵਾਰ 1998 ਵਿੱਚ, ਜਦੋਂ ਉਹ ਸਿਰਫ਼ ਛੇ ਸਾਲ ਦੇ ਸਨ, ਚੰਡੀਗੜ੍ਹ ਤੋਂ ਯੂਨਾਈਟਿਡ ਕਿੰਗਡਮ ਜਾ ਵੱਸਿਆ ਸੀ। ਉਨ੍ਹਾਂ ਨੇ ਬ੍ਰਿਸਟਲ ਯੂਨੀਵਰਸਿਟੀ ਤੋਂ ਗਣਿਤ ਅਤੇ ਫ਼ਲਸਫ਼ੇ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ 2022 ਵਿੱਚ ਅਫ਼ਸਰ ਟ੍ਰੇਨਿੰਗ ਅਤੇ 2023 ਵਿੱਚ ਬੁਨਿਆਦੀ ਉਡਾਣ ਸਿਖਲਾਈ ਪੂਰੀ ਕੀਤੀ।
ਸਾਲ 2024 ਵਿੱਚ ਉਨ੍ਹਾਂ ਦੀ ਚੋਣ ਫਾਸਟ ਜੈੱਟ ਟ੍ਰੇਨਿੰਗ ਪ੍ਰੋਗਰਾਮ ਲਈ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੇ ਟੈਕਸਾਸ ਵਿੱਚ ਵੀ ਵਿਸ਼ੇਸ਼ ਸਿਖਲਾਈ ਹਾਸਲ ਕੀਤੀ। ਜੁਲਾਈ 2026 ਵਿੱਚ ਉਨ੍ਹਾਂ ਨੇ ਵਿੰਗ ਟੈਸਟ ਸਫਲਤਾਪੂਰਵਕ ਪਾਸ ਕਰਕੇ ਇਹ ਮਾਣਮੱਤੀ ਪ੍ਰਾਪਤੀ ਆਪਣੇ ਨਾਮ ਕੀਤੀ।
ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਸਰਦਾਰ ਸੰਤੋਖ ਸਿੰਘ ਡਾਂਗ ਦਾ ਸੁਪਨਾ ਸੀ ਕਿ ਪਰਿਵਾਰ ਵਿੱਚੋਂ ਕੋਈ ਪਾਇਲਟ ਬਣੇ। ਉਨ੍ਹਾਂ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਦੇ ਸਹਿਯੋਗ ਅਤੇ ਸਿੱਖੀ ਮੁੱਲਾਂ ਨੂੰ ਦਿੱਤਾ। ਅਰਸ਼ਦੀਪ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਕੇ ਮਾਣ ਮਹਿਸੂਸ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਇਹ ਉਪਲਬਧੀ ਹੋਰ ਨੌਜਵਾਨਾਂ ਨੂੰ ਵੀ ਹਵਾਬਾਜ਼ੀ ਖੇਤਰ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰੇਗੀ।







