ਨਵੀਂ ਦਿੱਲੀ/ਅੰਡੇਮਾਨ: ਹਨੀਮੂਨ ਦੌਰਾਨ ਇੱਕ ਨਵਵਿਆਹੀ ਔਰਤ ਨਾਲ ਕਥਿਤ ਤੌਰ ’ਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਦੋਸ਼ਾਂ ਮੁਤਾਬਕ, ਅੰਡੇਮਾਨ ਅਤੇ ਨਿਕੋਬਾਰ ਵਿੱਚ ਹਨੀਮੂਨ ਮਨਾਉਣ ਦੌਰਾਨ ਮਾਹਵਾਰੀ ਆਉਣ ਕਾਰਨ ਉਸ ਦੇ ਪਤੀ ਨੇ ਗੁੱਸੇ ਵਿੱਚ ਆ ਕੇ ਉਸ ਨਾਲ ਹਿੰਸਕ ਵਿਹਾਰ ਕੀਤਾ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ।
ਪੀੜਤ ਮਹਿਲਾ, ਜੋ ਰਾਮਗੜ੍ਹਤਾਲ ਇਲਾਕੇ ਦੀ ਰਹਿਣ ਵਾਲੀ ਹੈ, ਨੇ ਦੱਸਿਆ ਕਿ ਉਸ ਦਾ ਵਿਆਹ 30 ਮਈ 2023 ਨੂੰ ਦਿੱਲੀ ਨਿਵਾਸੀ ਨਿਖਿਲ ਮਿਸ਼ਰਾ ਨਾਲ ਹੋਇਆ ਸੀ। ਉਸ ਦੇ ਮੁਤਾਬਕ ਵਿਆਹ ਤੋਂ ਪਹਿਲਾਂ ਲੜਕੇ ਦੇ ਪਰਿਵਾਰ ਵੱਲੋਂ ਮਹਿੰਗੇ ਬ੍ਰਾਂਡਡ ਸਮਾਨ ਦੀ ਮੰਗ ਕੀਤੀ ਗਈ ਸੀ। ਪਰਿਵਾਰ ਨੇ ਦਾਜ ਵਜੋਂ ਨਕਦ ਰਕਮ, ਕਾਰ ਅਤੇ ਹੋਰ ਕੀਮਤੀ ਸਮਾਨ ਦਿੱਤਾ ਸੀ।
ਮਹਿਲਾ ਨੇ ਦੋਸ਼ ਲਗਾਇਆ ਕਿ 4 ਜੁਲਾਈ 2023 ਨੂੰ ਹਨੀਮੂਨ ਲਈ ਅੰਡੇਮਾਨ ਪਹੁੰਚਣ ਤੋਂ ਬਾਅਦ ਉਸ ਨੂੰ ਮਾਹਵਾਰੀ ਸ਼ੁਰੂ ਹੋ ਗਈ, ਜਿਸ ਕਾਰਨ ਉਸ ਦਾ ਪਤੀ ਨਾਰਾਜ਼ ਹੋ ਗਿਆ ਅਤੇ ਉਸ ਨਾਲ ਮਾਰਕੁੱਟ ਕੀਤੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਹਮਲੇ ਦੌਰਾਨ ਹੋਟਲ ਸਟਾਫ਼ ਨੇ ਉਸ ਦੀਆਂ ਚੀਕਾਂ ਸੁਣ ਕੇ ਦਖ਼ਲਅੰਦਾਜ਼ੀ ਕੀਤੀ ਅਤੇ ਉਸ ਨੂੰ ਬਚਾਇਆ।
ਪੀੜਤਾ ਦਾ ਕਹਿਣਾ ਹੈ ਕਿ ਦਿੱਲੀ ਵਾਪਸ ਆਉਣ ਤੋਂ ਬਾਅਦ ਵੀ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾਂਦਾ ਰਿਹਾ। ਉਸ ਨੇ ਦੋਸ਼ ਲਗਾਇਆ ਕਿ ਸੱਸ ਅਤੇ ਨਣਦ ਨੇ ਵੀ ਪਤੀ ਦਾ ਸਾਥ ਦਿੱਤਾ। ਵਿਆਹ ਦੇ ਕਰੀਬ ਡੇਢ ਮਹੀਨੇ ਬਾਅਦ ਉਸ ਨੂੰ ਘਰ ਤੋਂ ਕੱਢ ਦਿੱਤਾ ਗਿਆ।
ਰਾਮਗੜ੍ਹਤਾਲ ਥਾਣੇ ਦੇ ਅਧਿਕਾਰੀਆਂ ਮੁਤਾਬਕ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ 15 ਅਗਸਤ ਨੂੰ ਨਿਖਿਲ ਮਿਸ਼ਰਾ, ਉਸ ਦੀ ਮਾਂ ਸੰਜੂ ਮਿਸ਼ਰਾ ਅਤੇ ਭੈਣ ਨੇਹਾ ਪਾਂਡੇ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।







