ਅਮਰੀਕੀ ਗ੍ਰੀਨ ਕਾਰਡ ਪ੍ਰੋਗਰਾਮ ਦਾ ਟੀਸੀਐੱਸ ਦੀ ਕਰਮਚਾਰੀ ਨੀਤੀ ’ਤੇ ਕੋਈ ਅਸਰ ਨਹੀਂ: ਕੰਪਨੀ

ਅਮਰੀਕੀ ਗ੍ਰੀਨ ਕਾਰਡ ਪ੍ਰੋਗਰਾਮ ’ਤੇ ਰੋਕ ਦਾ ਟੀਸੀਐੱਸ ਦੀ ਭਰਤੀ ਨੀਤੀ ’ਤੇ ਨਹੀਂ ਪਵੇਗਾ ਅਸਰ

ਭਾਰਤ ਦੀ ਸਭ ਤੋਂ ਵੱਡੀ ਆਈਟੀ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਅਮਰੀਕਾ ਵੱਲੋਂ ਗ੍ਰੀਨ ਕਾਰਡ ਪ੍ਰੋਗਰਾਮ ਤਹਿਤ ਅਰਜ਼ੀਆਂ ਦੇਣ ’ਤੇ ਲਗਾਈ ਗਈ ਰੋਕ ਦਾ ਉਸ ਦੀ ਕਰਮਚਾਰੀ ਰਣਨੀਤੀ ਜਾਂ ਗਾਹਕਾਂ ਨਾਲ ਸਬੰਧਾਂ ’ਤੇ ਕੋਈ ਖ਼ਾਸ ਅਸਰ ਪੈਣ ਦੀ ਉਮੀਦ ਨਹੀਂ ਹੈ। ਕੰਪਨੀ ਮੁਤਾਬਕ, ਪਿਛਲੇ ਦੋ ਸਾਲਾਂ ਦੌਰਾਨ ਉਸ ਨੇ ਇਸ ਪ੍ਰੋਗਰਾਮ ਤਹਿਤ ਬਹੁਤ ਘੱਟ, ਸਿਰਫ਼ ਇਕਹਿਰੇ ਅੰਕਾਂ ਵਿੱਚ ਅਰਜ਼ੀਆਂ ਦਿੱਤੀਆਂ ਸਨ। ਇਸ ਤੋਂ ਇਲਾਵਾ, ਅਮਰੀਕਾ ਵਿੱਚ ਉਸ ਦੀ ਭਰਤੀ ਨੀਤੀ ਮੁੱਖ ਤੌਰ ’ਤੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇਣ ’ਤੇ ਕੇਂਦਰਿਤ ਹੈ।

ਅਮਰੀਕੀ ਸਰਕਾਰ ਨੇ ਵੀਰਵਾਰ ਨੂੰ ਟੀਸੀਐੱਸ, ਇਨਫੋਸਿਸ, ਵਿਪਰੋ, ਕੌਗਨੀਜ਼ੈਂਟ ਅਤੇ ਮਾਈਕ੍ਰੋਸਾਫਟ ਸਮੇਤ ਅੱਠ ਆਈਟੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਲਈ ਗ੍ਰੀਨ ਕਾਰਡ ਅਰਜ਼ੀਆਂ ਦੇਣ ਨਾਲ ਜੁੜੇ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ ਸੀ। ਅਮਰੀਕੀ ਪੱਖ ਵੱਲੋਂ ਦਲੀਲ ਦਿੱਤੀ ਗਈ ਕਿ ਇਸ ਪ੍ਰਥਾ ਕਾਰਨ ਦੇਸ਼ ਦੇ ਨਾਗਰਿਕਾਂ ਨੂੰ ਨੌਕਰੀਆਂ ਦੇ ਮੌਕਿਆਂ ਤੋਂ ਵਾਂਝਾ ਰਹਿਣਾ ਪਿਆ ਹੈ।

ਟੀਸੀਐੱਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਉਸ ਦੀਆਂ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ (PERM) ਅਰਜ਼ੀਆਂ ਦੀ ਗਿਣਤੀ ਇਕਹਿਰੇ ਅੰਕਾਂ ਵਿੱਚ ਰਹੀ ਹੈ। ਇਸ ਲਈ ਕੰਪਨੀ ਨੂੰ ਉਮੀਦ ਨਹੀਂ ਹੈ ਕਿ ਪ੍ਰੋਗਰਾਮ ਦੀ ਮੁਅੱਤਲੀ ਨਾਲ ਉਸ ਦੀ ਕਰਮਚਾਰੀ ਨੀਤੀ ਜਾਂ ਗਾਹਕਾਂ ਨਾਲ ਸਬੰਧਾਂ ’ਤੇ ਕੋਈ ਪ੍ਰਭਾਵ ਪਵੇਗਾ।

ਕੰਪਨੀ ਨੇ ਇਹ ਵੀ ਕਿਹਾ ਕਿ ਉਹ ਅਮਰੀਕੀ ਕਿਰਤ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰੇਗੀ। ਟੀਸੀਐੱਸ ਅਨੁਸਾਰ, ਅਮਰੀਕਾ ਵਿੱਚ ਉਸ ਦੀ ਭਰਤੀ ਰਣਨੀਤੀ ਸਥਾਨਕ ਪ੍ਰਤਿਭਾ ਨੂੰ ਮੌਕੇ ਦੇਣ ’ਤੇ ਆਧਾਰਿਤ ਹੈ ਅਤੇ ਇਸ ਨੂੰ ਮਜ਼ਬੂਤ ਕੈਂਪਸ ਭਰਤੀ ਪ੍ਰਣਾਲੀ ਦਾ ਸਮਰਥਨ ਹਾਸਲ ਹੈ। ਕੰਪਨੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਉਸ ਦੇ 31 ਦਫ਼ਤਰਾਂ ਅਤੇ ਡਿਲੀਵਰੀ ਸੈਂਟਰਾਂ ਰਾਹੀਂ ਸਥਾਨਕ ਕਰਮਚਾਰੀਆਂ ਦਾ ਇੱਕ ਮਜ਼ਬੂਤ ਨੈੱਟਵਰਕ ਤਿਆਰ ਕੀਤਾ ਗਿਆ ਹੈ।

ਟੀਸੀਐੱਸ ਨੇ ਆਪਣੀ ਭਵਿੱਖੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਵਿੱਚ ਹੋਰ 15,000 ਲੋਕਾਂ ਨੂੰ ਨੌਕਰੀਆਂ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ ਉੱਥੇ ਆਪਣੇ ਸਥਾਨਕ ਕਰਮਚਾਰੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨਾ ਹੈ।

ਉੱਧਰ, ਅਮਰੀਕਾ ਵੱਲੋਂ ਅੱਠ ਤਕਨੀਕੀ ਕੰਪਨੀਆਂ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਮੁਅੱਤਲ ਕੀਤੇ ਜਾਣ ਮਗਰੋਂ ਉਦਯੋਗਿਕ ਸੰਸਥਾ ਨੈਸਕੌਮ (Nasscom) ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਹੁਨਰਮੰਦ ਕਾਮਿਆਂ ਦੀ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਆਵਾਜਾਈ ਦੋ ਵੱਖਰੇ ਮੁੱਦੇ ਹਨ। ਸੰਸਥਾ ਨੇ ਇਨ੍ਹਾਂ ਦੋਵਾਂ ਨੂੰ ਇੱਕੋ ਨਜ਼ਰੀਏ ਨਾਲ ਦੇਖਣ ਦੀ ਬਜਾਏ ਵੱਖ-ਵੱਖ ਤੌਰ ’ਤੇ ਵਿਚਾਰਨ ਦੀ ਲੋੜ ’ਤੇ ਜ਼ੋਰ ਦਿੱਤਾ।